'ਸਵੈ-ਗਣਨਾ' ਪੋਰਟਲ ਸ਼ੁਰੂ, ਘਰ ਬੈਠੇ ਡਿਜੀਟਲ ਤਰੀਕੇ ਨਾਲ ਦਰਜ ਕਰੋ ਆਪਣੇ ਵੇਰਵੇ
ਜਲਾਲਾਬਾਦ ਵਾਸੀਆਂ ਲਈ 'ਸਵੈ-ਗਣਨਾ' ਪੋਰਟਲ ਸ਼ੁਰੂ, ਘਰ ਬੈਠੇ ਡਿਜੀਟਲ ਤਰੀਕੇ ਨਾਲ ਦਰਜ ਕਰੋ ਆਪਣੇ ਵੇਰਵੇ
Publish Date: Fri, 01 May 2026 05:08 PM (IST)
Updated Date: Fri, 01 May 2026 05:11 PM (IST)

ਨਿੱਜੀ ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਭਾਰਤ ਸਰਕਾਰ ਦੇ ਜਨਗਣਨਾ ਵਿਭਾਗ ਵੱਲੋਂ ਜਨਗਣਨਾ 2027 ਦੇ ਕਾਰਜਾਂ ਨੂੰ ਡਿਜੀਟਲ ਰੂਪ ਦੇਣ ਲਈ 30 ਅਪ੍ਰੈਲ 2026 ਤੋਂ ਜਲਾਲਾਬਾਦ ਸਮੇਤ ਪੂਰੇ ਪੰਜਾਬ ਵਿਚ ਸਵੈ-ਗਣਨਾ ਮੁਹਿੰਮ ਦਾ ਅਰੰਭ ਹੋ ਗਿਆ ਹੈ। ਇਥੇ ਦੱਸਣਯੋਗ ਹੈ ਕਿ 14 ਮਈ 2026 ਤੱਕ ਆਮ ਜਨਤਾ ਆਪਣੇ ਘਰਾਂ ਤੋਂ ਹੀ ਜਨ-ਗਣਨਾ ਦੇ ਵੇਰਵੇ ਆਨਲਾਈਨ ਜਮ•ਾ ਕਰਵਾ ਸਕਦੀ ਹੈ। ਇਸ ਬਾਰੇ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਆਪਣਾ ਪ੍ਰਤੀਕ੍ਰਮ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਲੋਕ ਸਿੱਧੀ ਅਤੇ ਸਹੀ ਜਾਣਕਾਰੀ ਪ੍ਰਸ਼ਾਸਨ ਤੱਕ ਪਹੁੰਚਾ ਸਕਦੇ ਹਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਕਿਹਾ ਕਿ ਇਹ ਸਿਸਟਮ ਪੂਰੀ ਤਰਾਂ ਸੁਰੱਖਿਅਤ ਅਤੇ ਪਾਰਦਰਸ਼ੀ ਹੈ, ਜੋ ਡਿਜੀਟਲ ਇੰਡੀਆ ਪਹਿਲਕਦਮੀ ਨੂੰ ਮਜਬੂਤ ਕਰਦਾ ਹੈ। ਸਮਾਜ ਸੇਵਕ ਦੇਵ ਰਾਜ ਸ਼ਰਮਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਜਨ ਗਣਨਾ ਦੇ ਸਹੀ ਅੰਕੜੇ ਹੀ ਭਵਿੱਖ ਵਿੱਚ ਸਾਡੇ ਬੱਚਿਆਂ ਲਈ ਸਕੂਲਾਂ, ਹਸਪਤਾਲਾਂ, ਸੜਕਾਂ ਅਤੇ ਰੁਜਗਾਰ ਦੀਆਂ ਯੋਜਨਾਵਾਂ ਬਣਾਉਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਸਮਾਜ ਸੇਵਕ ਅਸ਼ੋਕ ਅਨੇਜਾ ਨੇ ਸ਼ਹਿਰ ਵਾਸੀਆਂ ਨੂੰ ਸਵੈ-ਗਣਨਾ ਕਰਨ ਦੀ ਅਪੀਲ ਕੀਤੀ। ਉਪ ਮੰਡਲ ਮੈਜਿਸਟ੍ਰੇਟ ਜਲਾਲਾਬਾਦ ਕੰਵਰਜੀਤ ਸਿੰਘ ਮਾਨ ਨੇ ਦੱਸਿਆ ਕਿ ਜਨਗਣਨਾ 2027 ਦੇ ਅਧੀਨ ਸਵੈ ਗਣਨਾ ਕਰਨਾ ਬੇਹੱਦ ਆਸਾਨ ਅਤੇ ਨਾਗਰਿਕ ਅਨੁਕੂਲ ਡਿਜੀਟਲ ਪ੍ਰਕ੍ਰਿਆ ਹੈ। ਇਸਨੂੰ ਪੂਰਾ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਕ ਪੋਰਟਲ ਤੇ ਜਾਣਾ ਪਵੇਗਾ। ਮੋਬਾਇਲ ਨੰਬਰ ਨਾਲ ਰਜਿਸਟਰਡ ਕਰਨ ਤੋਂ ਬਾਅਦ ਪ੍ਰਾਪਤ ਓਪੀਟੀ ਨਾਲ ਆਪਣੀ ਤਸਦੀਕ ਕਰਨੀ ਹੋਵੇਗੀ। ਇਸਤੋਂ ਬਾਅਦ ਪੋਰਟਲ ਤੇ ਦਿੱਤੇ ਗਏ ਫਾਰਮ ਵਿੱਚ ਆਪਣੇ ਘਰ ਅਤੇ ਪਰਿਵਾਰਿਕ ਮੈਂਬਰਾਂ ਦੇ ਜਰੂਰੀ ਵੇਰਵੇ ਧਿਆਨ ਨਾਲ ਭਰੇ ਜਾਣ।