ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਚੋਰ ਗਿਰੋਹ ਦੇ 6 ਮੈਂਬਰ ਕਾਬੂ
ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਚੋਰ ਗਿਰੋਹ ਦੇ 6 ਮੈਂਬਰ ਕਾਬੂ
Publish Date: Wed, 25 Mar 2026 06:10 PM (IST)
Updated Date: Wed, 25 Mar 2026 06:14 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਗੁਰੂਹਰਸਹਾਏ ’ਚ ਪੁਲਿਸ ਨੇ ਚੋਰੀਆਂ ਕਰਨ ਵਾਲੇ ਇੱਕ ਸਰਗਰਮ ਗਿਰੋਹ ਖ਼ਿਲਾਫ਼ ਕਾਰਵਾਈ ਕਰਦਿਆਂ ਅੱਠ ਮੈਂਬਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਵੱਲੋਂ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ 2 ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਗਿਰੋਹ ਇਲਾਕੇ ਵਿਚ ਲਗਾਤਾਰ ਸਰਗਰਮ ਹੈ ਅਤੇ ਮੋਟਰਸਾਈਕਲ ਚੋਰੀਆਂ ਸਮੇਤ ਹੋਰ ਵਾਰਦਾਤਾਂ ਨੂੰ ਅੰਜ਼ਾਮ ਦੇ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਇੱਕ ਬੰਦ ਪਏ ਸ਼ੈਲਰ ਵਿੱਚੋਂ 6 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਦੋ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਇਹ ਗਿਰੋਹ ਲੰਬੇ ਸਮੇਂ ਤੋਂ ਇਲਾਕੇ ਵਿਚ ਚੋਰੀਆਂ ਕਰ ਰਿਹਾ ਸੀ। ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਇਕ ਨੌਜਵਾਨ ਜਸਕਰਨ ਸਿੰਘ ਨੇ ਖੁਲਾਸਾ ਕੀਤਾ ਕਿ ਉਹ ਨਸ਼ਾ ਕਰਨ ਦਾ ਆਦੀ ਹੈ ਅਤੇ ਨਸ਼ੇ ਦੀ ਲੱਤ ਪੂਰੀ ਕਰਨ ਲਈ ਉਸ ਨੇ ਚੋਰੀਆਂ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਉਸ ਕੋਲ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਸੀ ਅਤੇ ਆਪਣੀ ਲੋੜਾਂ ਨੂੰ ਪੂਰਾ ਕਰਨ ਲਈ ਉਹ ਛੋਟੀਆਂ-ਮੋਟੀਆਂ ਚੋਰੀਆਂ ਕਰਦਾ ਸੀ। ਬਾਅਦ ਵਿਚ ਉਸ ਦੀ ਦੋਸਤੀ ਆਪਣੇ ਪਿੰਡ ਦੇ ਕੁਲਵੰਤ ਸਿੰਘ ਪੁੱਤਰ ਛਿੰਦਰ ਸਿੰਘ, ਬਲਵੰਤ ਸਿੰਘ ਪੁੱਤਰ ਛਿੰਦਰ ਸਿੰਘ, ਗੁਰਜੰਟ ਸਿੰਘ ਉਰਫ ਨਾਨੀ ਪੁੱਤਰ ਨਿੱਕਾ ਸਿੰਘ ਅਤੇ ਸਾਗਰ ਪੁੱਤਰ ਸੁੱਖਾ ਸਿੰਘ ਨਾਲ ਹੋ ਗਈ, ਜੋ ਸਾਰੇ ਨਸ਼ਾ ਕਰਨ ਦੇ ਆਦੀ ਸਨ। ਉਸ ਨੇ ਦੱਸਿਆ ਕਿ ਨਸ਼ੇ ਦੀ ਲੱਤ ਕਾਰਨ ਉਹ ਸਾਰੇ ਇਕੱਠੇ ਹੋ ਗਏ ਅਤੇ ਫਿਰ ਇਕੱਠਿਆਂ ਚੋਰੀਆਂ ਨੂੰ ਅੰਜ਼ਾਮ ਦੇਣ ਲੱਗ ਪਏ। ਇਨ੍ਹਾਂ ਵਾਰਦਾਤਾਂ ਵਿਚ ਮੋਟਰਸਾਈਕਲ ਚੋਰੀ, ਘਰੇਲੂ ਸਮਾਨ ਦੀ ਚੋਰੀ, ਟਰੈਕਟਰਾਂ ਦੀਆਂ ਬੈਟਰੀਆਂ, ਤਾਰਾਂ ਅਤੇ ਤੇਲ ਦੀ ਚੋਰੀ ਸ਼ਾਮਲ ਹੈ।ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਦੋਸ਼ੀਆਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਫੜੇ ਗਏ ਨੌਜਵਾਨਾਂ ਦੀ ਪਛਾਣ ਸਾਜਨ ਉਰਫ ਕਾਕਾ ਪੁੱਤਰ ਵਾਸੀ ਬਸਤੀ ਗੁਰੂ ਕਰਮ ਸਿੰਘ, ਸ਼ੁਭਮ ਕਬਾੜੀਆ ਪੁੱਤਰ ਅਸ਼ਵਨੀ ਕੁਮਾਰ ਵਾਸੀ ਭਠਾ ਵਾਸਤੀ, ਰਾਹੁਲ ਪੁੱਤਰ ਮੰਗਤ ਰਾਮ ਵਾਸੀ ਆਵਾ ਬਸਤੀ ਫਿਰੋਜ਼ਪੁਰ, ਜਸਕਰਨ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਝੰਡੂਵਾਲਾ, ਕੁਲਵੰਤ ਸਿੰਘ ਅਤੇ ਬਲਵੰਤ ਸਿੰਘ ਦੋਵੇਂ ਪੁੱਤਰ ਛਿੰਦਰ ਸਿੰਘ ਵਾਸੀ ਪਿੰਡ ਝੰਡੂ ਵਾਲਾ ਵਜੋਂ ਹੋਈ ਹੈ ਅਤੇ ਬਾਕੀ 2 ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਮੁਖੀ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲਿਸ ਵੱਲੋਂ ਸਖ਼ਤ ਕਾਰਵਾਈ ਜਾਰੀ ਰਹੇਗੀ।