ਸੀਪੀਆਈ ਵੱ ਐੰਸਐੰਚਓ ਦਾ ਪੁਤਲਾ ਫੂਕਿਆ
ਕਮਿਊਨਿਸਟ ਆਗੂ ਨੂੰ ਧਮਕੀਆਂ ਦੇਣ ਵਾਲੇ ਵਿਅਕਤੀ ਖ਼ਿਲਾਫ ਕਾਰਵਾਈ ਨਾ ਕਰਨ ਦੇ ਵਿਰੋਧ 'ਚ ਐਸ ਐਚ ਓ ਦਾ ਪੁਤਲਾ ਫੂਕਿਆ
Publish Date: Wed, 22 Apr 2026 04:26 PM (IST)
Updated Date: Wed, 22 Apr 2026 04:28 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਬੀਤੇ ਦਿਨੀ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਜ਼ਿਲ੍ਹਾ ਸਕੱਤਰ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ ਨੂੰ ਫੋਨ ਤੇ ਉਸ ਨੂੰ ਗਾਲ੍ਹੀ ਗਲੋਚ ਕਰਨ, ਅਪਸ਼ਬਦ ਬੋਲਣ ਅਤੇ ਸਬਕ ਸਿਖਾਉਣ ਦੀਆਂ ਧਮਕੀਆਂ ਦੇਣ ਵਾਲੇ ਬੋਦਲ ਪੀਰੇ ਕੇ ਦੇ ਇਕ ਵਿਅਕਤੀ ਖ਼ਿਲਾਫ ਬਣਦੀ ਕਾਨੂੰਨੀ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ ਅੱਜ ਥਾਣਾ ਅਮੀਰ ਖਾਸ ਦੇ ਐਸਐਚਓ ਦਾ ਥਾਣੇ ਦੇ ਸਾਹਮਣੇ ਪੁਤਲਾ ਫੂਕਿਆ ਗਿਆ। ਇਸ ਅਰਥੀ ਫੂਕ ਮੁਜ਼ਾਹਰੇ ਦੀ ਅਗਵਾਈ ਸੀਪੀਆਈ ਬਲਾਕ ਗੁਰੂ ਹਰ ਸਹਾਇ ਦੇ ਸਕੱਤਰ ਕਾਮਰੇਡ ਰਮੇਸ਼ ਪੀਰ ਮੁਹੰਮਦ ਜਲਾਲਾਬਾਦ ਦੇ ਸਕੱਤਰ ਸਿੰਦਰ ਮਹਾਲਮ,ਮਜ਼ਦੂਰ ਆਗੂ ਤੇਜਾ ਅਮੀਰ ਖਾਸ, ਕਿਸਾਨ ਸਭਾ ਦੇ ਆਗੂ ਕ੍ਰਿਸ਼ਨ ਧਰਮੂ ਵਾਲਾ ਅਤੇ ਬਲਵੰਤ ਚੋਹਾਣਾ ਨੇ ਕੀਤੀ। ਪੁਤਲਾ ਫੂਕ ਪ੍ਰਦਰਸ਼ਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਪੀਆਈ ਦੇ ਸੂਬਾ ਆਗੂ ਕਾਮਰੇਡ ਪਰਮਜੀਤ,ਪੰਜਾਬ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅਸ਼ੋਕ ਕੰਬੋਜ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਢਾਬਾਂ ਨੇ ਦੱਸਿਆ ਕਿ ਪਿੰਡ ਬੋਦਲ ਪੀਰੇ ਕੇ ਵਿਖੇ ਦੋ ਧਿਰਾਂ ਦਾ ਆਪਸੀ ਜਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸ ਵਿਵਾਦ ਨੂੰ ਸੁਲਝਾਉਣ ਲਈ ਦੋਨੋਂ ਧਿਰਾਂ ਹੀ ਉਹਨਾਂ ਦੇ ਆਗੂ ਕਾਮਰੇਡ ਸੁਰਿੰਦਰ ਢੰਡੀਆਂ ਕੋਲ ਆਈਆਂ ਸਨ ਅਤੇ ਉਹਨਾਂ ਦੇ ਮਾਮਲੇ ਨੂੰ ਸੁਲਝਾਉਣ ਲਈ ਕਈ ਵਾਰ ਉਹ ਮਿਲ ਚੁੱਕੇ ਹਨ। ਬੀਤੇ ਦੋ ਦਿਨ ਪਹਿਲਾਂ ਉਕਤ ਵਿਅਕਤੀ ਨੇ ਫੋਨ ਕਰਕੇ ਕਾਮਰੇਡ ਸੁਰਿੰਦਰ ਢੰਡੀਆਂ ਨੂੰ ਇਹ ਗੱਲ ਕਹਿ ਕੇ ਧਮਕਾਇਆ ਕਿ ਉਸ ਨੇ ਪੁਲਿਸ ਨੂੰ ਕਹਿ ਕੇ ਉਹਨਾਂ ਦੇ ਵਿਰੋਧੀਆਂ ਦੀ ਕਣਕ ਧੱਕੇ ਨਾਲ ਕਟਵਾ ਦਿੱਤੀ ਹੈ, ਜਿਸ ਨੂੰ ਲੈ ਕੇ ਉਹ ਉਸ ਨੂੰ ਦੇਖ ਲੈਣਗੇ ਅਤੇ ਉਸ ਨੂੰ ਇਸ ਦਾ ਸਬਕ ਜਰੂਰ ਸਖਾਉਣਗੇ। ਆਗੂਆਂ ਨੇ ਦੱਸਿਆ ਕਿ ਇੱਥੇ ਹੀ ਬੱਸ ਨਹੀਂ, ਉਸ ਨੇ ਕਈ ਤਰ੍ਹਾਂ ਦੇ ਉਹਨਾਂ ਦੇ ਆਗੂ ਨਾਲ ਅਪਸ਼ਬਦ ਬੋਲੇ, ਭੱਦੀ ਸ਼ਬਦਾਵਲੀ ਬੋਲੀ ਅਤੇ ਸਬਕ ਸਿਖਾਉਣ ਦੀਆਂ ਧਮਕੀਆਂ ਦਿੱਤੀਆਂ। ਜਿਸ ਸਬੰਧੀ ਸਬੰਧਤ ਥਾਣਾ ਅਮੀਰ ਖਾਸ ਦੇ ਮੁਖੀ ਐਸਐਚਓ ਨੂੰ ਲਿਖਤੀ ਦਰਖ਼ਾਸਤ ਦੇ ਕੇ ਦੋਸ਼ੀ ਖ਼ਿਲਾਫ਼ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ,ਪਰੰਤੂ ਐਸਐਚਓ ਵੱਲੋਂ ਉਸ ਵਿਅਕਤੀ ਖ਼ਿਲਾਫ ਕਾਰਵਾਈ ਕਰਨ ਦੀ ਬਜਾਏ ਖਾਨਾਪੁਰਤੀ ਕਰਕੇ ਇਸ ਮਾਮਲੇ ਨੂੰ ਰਫ਼ਾ ਦਫ਼ਾ ਕਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਸੰਕੇਤਕ ਰੂਪ ਵਿੱਚ ਉਹ ਥਾਣਾ ਮੁਖੀ ਦਾ ਪੁਤਲਾ ਫੂਕ ਕੇ ਜਾ ਰਹੇ ਹਨ। ਇਸ ਤੋਂ ਬਾਅਦ ਜੇਕਰ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ, ਤਾਂ ਉਹ ਆਉਣ ਵਾਲੇ ਕੁਝ ਦਿਨਾਂ ਵਿੱਚ ਡੀਐਸਪੀ ਦਫ਼ਤਰ ਦੇ ਸਾਹਮਣੇ ਜ਼ਿਲ੍ਹਾ ਪੁਲਿਸ ਮੁਖੀ ਅਤੇ ਸਬੰਧਤ ਹੋਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕਰਨਗੇ। ਇਸ ਮੌਕੇ ਐਂਟੀ ਕਰਪਸ਼ਨ ਸੋਸਾਇਟੀ ਦੇ ਸੂਬਾ ਪ੍ਰਧਾਨ ਰਾਜੂ ਖੇੜਾ,ਰਮਿਤ ਕੁਮਾਰ, ਸੀਪੀਆਈ ਦੇ ਆਗੂ ਮੁਖਤਿਆਰ ਥਾਰੇਵਾਲਾ,ਅਸ਼ੋਕ ਸਿੰਘ ਥਾਰਾ, ਸੰਦੀਪ ਜੋਧਾ,ਬਿੰਦਰ ਢਾਬਾਂ,ਟਹਿਲ ਸਿੰਘ ਸਬਾਜ ਕੇ, ਸ਼ਰਮਾ ਸਿੰਘ ਢੰਡੀਆਂ,ਧਰਮਿੰਦਰ ਰਹਿਮੇਸ਼ਾਹ,ਕਾਲਾ ਅਮੀਰ ਖਾਸ ਤੇ ਮਹਿੰਦਰ ਢੰਡੀਆਂ ਵੀ ਹਾਜ਼ਰ ਸਨ।