ਸਿਵਲ ਹਸਪਤਾਲ ਫਾਜ਼ਿਲਕਾ ’ਚ ਡਾ. ਸੌਰਭ ਨਾਰੰਗ ਹਫ਼ਤੇ ਦੇ ਦੋ ਦਿਨ ਦੇਣਗੇ ਸੇਵਾਵਾਂ
ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਚਮੜੀ ਦੇ ਰੋਗਾਂ ਦੇ ਮਾਹਿਰ ਦੀ ਕਮੀ ਹੋਈ ਦੂਰ: ਡਾ. ਸੌਰਭ ਨਾਰੰਗ
Publish Date: Tue, 24 Feb 2026 07:02 PM (IST)
Updated Date: Tue, 24 Feb 2026 07:04 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਚਮੜੀ ਦੇ ਰੋਗਾਂ ਦੇ ਮਾਹਿਰ (ਸਕਿਨ ਸਪੈਸ਼ਲਿਸਟ) ਦੀ ਕਮੀ ਦਾ ਸਾਹਮਣਾ ਕਰ ਰਹੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ ਹੈ। ਸਿਹਤ ਵਿਭਾਗ ਵੱਲੋਂ ਕੀਤੇ ਗਏ ਨਵੇਂ ਪ੍ਰਬੰਧਾਂ ਤਹਿਤ ਹੁਣ ਚਮੜੀ ਦੇ ਰੋਗਾਂ ਦੇ ਮਾਹਿਰ ਡਾ. ਸੌਰਭ ਨਾਰੰਗ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਵਿੱਚ ਹਫ਼ਤੇ ਵਿੱਚ ਦੋ ਦਿਨ ਆਪਣੀਆਂ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰਨਗੇ। ਡਾ. ਨਾਰੰਗ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਓ.ਪੀ.ਡੀ. ਵਿੱਚ ਮਰੀਜ਼ਾਂ ਦੀ ਜਾਂਚ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੇ ਕਰੀਬ ਇੱਕ ਸਾਲ ਤੋਂ ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਚਮੜੀ ਦੇ ਰੋਗਾਂ ਦੇ ਮਾਹਿਰ ਦੀ ਪੋਸਟ ਖਾਲੀ ਪਈ ਸੀ। ਇਸ ਕਾਰਨ ਸਰਹੱਦੀ ਖੇਤਰ ਦੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹਸਪਤਾਲ ਵਿੱਚ ਮਾਹਿਰ ਡਾਕਟਰ ਨਾ ਹੋਣ ਕਾਰਨ ਚਮੜੀ ਨਾਲ ਸਬੰਧਤ ਬਿਮਾਰੀਆਂ, ਜਿਵੇਂ ਕਿ ਐਲਰਜੀ, ਫੰਗਲ ਇਨਫੈਕਸ਼ਨ ਅਤੇ ਹੋਰ ਗੰਭੀਰ ਰੋਗਾਂ ਦੇ ਇਲਾਜ ਲਈ ਮਰੀਜ਼ਾਂ ਨੂੰ ਫਰੀਦਕੋਟ ਅਤੇ ਬਠਿੰਡਾ ਵਰਗੇ ਵੱਡੇ ਸ਼ਹਿਰਾਂ ਦੇ ਚੱਕਰ ਕੱਟਣ ਲਈ ਮਜਬੂਰ ਹੋਣਾ ਪੈਂਦਾ ਸੀ। ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ. ਐਰਿਕ ਅਨੁਸਾਰ, ਡਾ. ਸੌਰਭ ਨਾਰੰਗ ਦੀ ਨਿਯੁਕਤੀ ਨਾਲ ਓ.ਪੀ.ਡੀ. ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਹੁਣ ਸਰਕਾਰੀ ਪੱਧਰ ਤੇ ਹੀ ਮਾਹਿਰਾਂ ਦੀ ਸਲਾਹ ਅਤੇ ਇਲਾਜ ਉਪਲਬਧ ਹੋ ਸਕੇਗਾ। ਮੰਗਲਵਾਰ ਅਤੇ ਵੀਰਵਾਰ ਨੂੰ ਨਿਰਧਾਰਤ ਇਹਨਾਂ ਸੇਵਾਵਾਂ ਨਾਲ ਨਾ ਸਿਰਫ਼ ਫਾਜ਼ਿਲਕਾ ਸ਼ਹਿਰ, ਸਗੋਂ ਆਲੇ-ਦੁਆਲੇ ਦੇ ਦਰਜਨਾਂ ਪਿੰਡਾਂ ਦੇ ਉਹਨਾਂ ਲੋਕਾਂ ਨੂੰ ਫਾਇਦਾ ਹੋਵੇਗਾ ਜੋ ਚਮੜੀ ਦੇ ਰੋਗਾਂ ਦੇ ਇਲਾਜ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਸਿਹਤ ਅਧਿਕਾਰੀਆਂ ਨੇ ਮਰੀਜ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਤ ਦਿਨਾਂ (ਮੰਗਲਵਾਰ ਅਤੇ ਵੀਰਵਾਰ) ਤੇ ਹਸਪਤਾਲ ਪਹੁੰਚ ਕੇ ਇਹਨਾਂ ਵਿਸ਼ੇਸ਼ ਸੇਵਾਵਾਂ ਦਾ ਲਾਭ ਉਠਾਉਣ।