ਸ਼ਾਰਟ ਸਰਕਟ ਨੇ ਮਚਾਈ ਤਬਾਹੀ: ਫਿਰੋਜ਼ਪੁਰ ਕੈਂਟ ਦੇ ਰੈਸਟੋਰੈਂਟ ’ਚ ਭਿਆਨਕ ਅੱਗ ਨਾਲ ਮੁਲਾਜ਼ਮ ਦੀ ਮੌਤ
ਫਿਰੋਜ਼ਪੁਰ ਕੈਂਟ ਦੇ ਸ਼ਹੀਦ ਰਾਕੇਸ਼ ਕੰਬੋਜ਼ ਚੌਂਕ ਸਥਿਤ ਰੈਸਟੋਰੈਂਟ ‘ਨਵੇਦਿਅਮ ਸਵੀਟਸ ਐਂਡ ਬੇਕਰਸ’ ਵਿੱਚ ਬੁੱਧਵਾਰ ਸਵੇਰੇ ਲੱਗੀ ਭਿਆਨਕ ਅੱਗ ਨੇ ਇਕ ਮੁਲਾਜ਼ਮ ਦੀ ਜਾਨ ਲੈ ਲਈ, ਜਦਕਿ ਕਰੋੜਾਂ ਦੀ ਜਾਇਦਾਦ ਅਤੇ ਕੀਮਤੀ ਸਾਮਾਨ ਨੂੰ ਭਾਰੀ ਨੁਕਸਾਨ ਪਹੁੰਚਿਆ।
Publish Date: Wed, 03 Jun 2026 12:56 PM (IST)
Updated Date: Wed, 03 Jun 2026 12:59 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਕੈਂਟ ਦੇ ਸ਼ਹੀਦ ਰਾਕੇਸ਼ ਕੰਬੋਜ਼ ਚੌਂਕ ਸਥਿਤ ਰੈਸਟੋਰੈਂਟ ‘ਨਵੇਦਿਅਮ ਸਵੀਟਸ ਐਂਡ ਬੇਕਰਸ’ ਵਿੱਚ ਬੁੱਧਵਾਰ ਸਵੇਰੇ ਲੱਗੀ ਭਿਆਨਕ ਅੱਗ ਨੇ ਇਕ ਮੁਲਾਜ਼ਮ ਦੀ ਜਾਨ ਲੈ ਲਈ, ਜਦਕਿ ਕਰੋੜਾਂ ਦੀ ਜਾਇਦਾਦ ਅਤੇ ਕੀਮਤੀ ਸਾਮਾਨ ਨੂੰ ਭਾਰੀ ਨੁਕਸਾਨ ਪਹੁੰਚਿਆ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਮਿੰਟਾਂ ਵਿੱਚ ਪੂਰੀ ਇਮਾਰਤ ਧੂੰਏਂ ਅਤੇ ਅੱਗ ਦੀਆਂ ਉੱਚੀਆਂ ਲਪਟਾਂ ਨਾਲ ਘਿਰ ਗਈ। ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਰੈਸਟੋਰੈਂਟ ਦੇ ਨਾਲ ਸਥਿੱਤ ਟਾਇਰਾਂ ਅਤੇ ਹੋਰ ਦੁਕਾਨਾਂ ਵਾਲਿਆਂ ਵੱਲੋਂ ਆਪੋ ਆਪਣਾ ਸਮਾਨ ਕੱਢ੍ਹ ਕੇ ਬਚਾਅ ਕੀਤਾ ਗਿਆ । ਮ੍ਰਿਤਕ ਦੀ ਪਛਾਣ ਤੁਲਸੀ ਵਜੋਂ ਹੋਈ ਹੈ, ਜੋ ਰੈਸਟੋਰੈਂਟ ਵਿੱਚ ਮੁਲਾਜ਼ਮ ਵਜੋਂ ਕੰਮ ਕਰਦਾ ਸੀ। ਮੁੱਢਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਏਸੀ ਵਿੱਚ ਹੋਇਆ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ, ਹਾਲਾਂਕਿ ਅਧਿਕਾਰਕ ਤੌਰ ’ਤੇ ਅਜੇ ਤੱਕ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ।
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 6 ਤੋਂ 7 ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਅੱਗ ਦੀ ਭਿਆਨਕਤਾ ਨੂੰ ਵੇਖਦਿਆਂ ਹਾਈਡ੍ਰੌਲਿਕ ਲਿਫਟਾਂ ਅਤੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਉੱਚੀਆਂ ਮੰਜ਼ਿਲਾਂ ਤੱਕ ਪਹੁੰਚ ਕਰਕੇ ਅੱਗ ’ਤੇ ਕਾਬੂ ਪਾਉਣ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ।
ਡੀਐਸਪੀ ਸੁਖਵਿੰਦਰ ਸਿੰਘ ਅਤੇ ਐਸਐਚਓ ਕੈਂਟ ਸਮੇਤ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਅਤੇ ਹਲਾਤ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਅਤੇ ਦੂਜੀ ਮੰਜ਼ਿਲ ’ਤੇ ਲੱਗੀ ਅੱਗ ਨੂੰ ਕਾਫ਼ੀ ਹੱਦ ਤੱਕ ਕਾਬੂ ਕਰ ਲਿਆ ਗਿਆ ਹੈ, ਜਦਕਿ ਬਾਕੀ ਹਿੱਸਿਆਂ ਵਿੱਚ ਬਚਾਅ ਕਾਰਜ ਜਾਰੀ ਰਿਹਾ। ਅੱਗ ਕਾਰਨ ਰੈਸਟੋਰੈਂਟ ਵਿੱਚ ਪਿਆ ਕੀਮਤੀ ਫਰਨੀਚਰ, ਮਸ਼ੀਨਰੀ, ਖਾਣ-ਪੀਣ ਦਾ ਸਾਮਾਨ ਅਤੇ ਹੋਰ ਸਮੱਗਰੀ ਸੜ ਕੇ ਸੁਆਹ ਹੋ ਗਈ। ਸਮੇਂ ਸਿਰ ਸ਼ੁਰੂ ਕੀਤੇ ਗਏ ਬਚਾਅ ਕਾਰਜਾਂ ਕਾਰਨ ਵੱਡਾ ਜਾਨੀ ਨੁਕਸਾਨ ਟਲ ਗਿਆ, ਪਰ ਇਕ ਮੁਲਾਜ਼ਮ ਦੀ ਮੌਤ ਨੇ ਇਸ ਹਾਦਸੇ ਨੂੰ ਦਰਦਨਾਕ ਰੂਪ ਦੇ ਦਿੱਤਾ।