ਬਿਜਲੀ ਦੇ ਅਣ-ਐਲਾਨੇ ਕੱਟਾਂ ਵਿਰੁੱਧ ਧਰਨਾ ਅੱਜ : ਸ਼੍ਰੋਅਦ
ਬਿਜਲੀ ਦੇ ਅਣ-ਐਲਾਨੇ ਕੱਟਾਂ ਵਿਰੁੱਧ ਸ੍ਰੋਮਣੀ ਅਕਾਲੀ ਦਲ ਅੱਜ ਦੇਵੇਗਾ ਧਰਨਾ
Publish Date: Wed, 29 Apr 2026 05:25 PM (IST)
Updated Date: Wed, 29 Apr 2026 05:28 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਪੰਜਾਬ ਵਿਚ ਪੈ ਰਹੀ ਤੇਜ਼ ਗਰਮੀ ਦੇ ਦਰਮਿਆਨ ਲੱਗ ਰਹੇ ਬਿਜਲੀ ਦੇ ਅਣ-ਐਲਾਨੇ ਅਤੇ ਲੰਮੇ ਕੱਟਾਂ ਨੇ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। ਇਸ ਗੰਭੀਰ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਫਿਰੋਜ਼ਪੁਰ ਜ਼ਿਲ੍ਹੇ ਦੇ ਦੋਵਾਂ ਹਲਕਿਆਂ ਸ਼ਹਿਰੀ ਅਤੇ ਦਿਹਾਤੀ ਵੱਲੋਂ ਅੱਜ ਬਿਜਲੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਪੰਜਾਬ ਭਰ ਵਿਚ ਬਿਜਲੀ ਦੀ ਕਿੱਲਤ ਕਾਰਨ ਆਮ ਜਨਤਾ ਨੂੰ ਆ ਰਹੀਆਂ ਮੁਸ਼ਕਲਾਂ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਪੱਧਰੀ ਧਰਨੇ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸੇ ਕੜੀ ਤਹਿਤ ਫਿਰੋਜ਼ਪੁਰ ਵਿੱਚ ਦੋ ਵੱਡੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਹਲਕਾ ਇੰਚਾਰਜ ਸੁਖਪਾਲ ਸਿੰਘ ਨੰਨੂ ਦੀ ਅਗਵਾਈ ’ਚ ਅੱਜ 30 ਅਪ੍ਰੈਲ 2026 ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਬਿਜਲੀ ਬੋਰਡ ਦਫ਼ਤਰ ਨੇੜੇ ਆਰਟੀਏ ਦਫ਼ਤਰ, ਫਿਰੋਜ਼ਪੁਰ ਸ਼ਹਿਰ ਵਿਖੇ ਧਰਨਾ ਦਿੱਤਾ ਜਾਵੇਗਾ। ਨੰਨੂ ਨੇ ਕਿਹਾ ਕਿ ਸਰਕਾਰ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਇਸੇ ਤਰ੍ਹਾਂ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ (ਜਿੰਦੂ) ਦੀ ਅਗਵਾਈ ਵਿਚ ਹਲਕਾ ਫਿਰੋਜ਼ਪੁਰ ਦਿਹਾਤੀ ਵੱਲੋਂ ਵੀ ਮੋਰਚਾ ਖੋਲ੍ਹਿਆ ਜਾ ਰਿਹਾ ਹੈ। ਇਹ ਧਰਨਾ ਸਵੇਰੇ 9.30 ਵਜੇ ਐਕਸੀਅਨ ਦਫ਼ਤਰ, ਬਿਜਲੀ ਘਰ ਫਿਰੋਜ਼ਪੁਰ ਛਾਉਣੀ ਵਿਖੇ ਲਗਾਇਆ ਜਾਵੇਗਾ। ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਪੰਜਾਬ ਦਾ ਹਰ ਵਰਗ, ਖਾਸ ਕਰਕੇ ਕਿਸਾਨ ਅਤੇ ਵਪਾਰੀ, ਬਿਜਲੀ ਦੀ ਤੋਟ ਕਾਰਨ ਦੁਖੀ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਜਦੋਂ ਤੱਕ ਬਿਜਲੀ ਸਪਲਾਈ ਵਿਚ ਸੁਧਾਰ ਨਹੀਂ ਹੁੰਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।