ਜਨਗਣਨਾ ਤਹਿਤ ਸੈਲਫ-ਇਨਿਊਮਰੇਸ਼ਨ ਦੀ ਸਹੂਲਤ ਸ਼ੁਰੂ
ਜਨਗਣਨਾ 2027 ਅਧੀਨ ਸੈਲਫ-ਇਨਿਊਮਰੇਸ਼ਨ ਦੀ ਸਹੂਲਤ ਸ਼ੁਰੂ: ਡਿਪਟੀ ਕਮਿਸ਼ਨਰ
Publish Date: Fri, 01 May 2026 04:13 PM (IST)
Updated Date: Fri, 01 May 2026 04:14 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਭਾਰਤ ਸਰਕਾਰ ਵੱਲੋਂ ਕਰਵਾਈ ਜਾਣ ਵਾਲੀ ਜਨਗਣਨਾ 2027 ਤਹਿਤ ਆਮ ਲੋਕਾਂ ਦੀ ਸਹੂਲਤ ਲਈ ਸੈਲਫ-ਇਨਿਊਮਰੇਸ਼ਨ (ਸਵੈ ਗਣਨਾ) ਦੀ ਸਹੂਲਤ ਸ਼ੁਰੂ ਹੋ ਚੁੱਕੀ ਹੈ। ਇਸ ਵਿਵਸਥਾ ਰਾਹੀਂ ਨਾਗਰਿਕ ਆਪਣੀ ਜਾਣਕਾਰੀ ਖੁਦ ਆਨਲਾਈਨ ਭਰ ਸਕਣਗੇ ਅਤੇ ਇਹ ਸਹੂਲਤ 14 ਮਈ 2026 ਤੱਕ ਆਨਲਾਈਨ ਉਪਲਬੱਧ ਰਹੇਗੀ। ਇਸ ਸਮੇਂ ਦੌਰਾਨ ਨਾਗਰਿਕ ਘਰ ਬੈਠੇ ਹੀ ਅਧਿਕਾਰਤ ਪੋਰਟਲ ’ਤੇ ਜਾ ਕੇ ਆਪਣੀ ਜਾਣਕਾਰੀ ਦਰਜ ਕਰ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਸੰਜ ਅਫ਼ਸਰ ਦੀਪਸ਼ਿਖਾ ਸ਼ਰਮਾ ਨੇ ਅੱਜ ਜਨਗਣਨਾ 2027 ਤਹਿਤ ਆਪਣਾ ਸਵੈ ਜਨਗਣਨਾ ਫਾਰਮ ਭਰਨ ਉਪਰੰਤ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਗਰਿਕ ਘਰ ਬੈਠੇ ਹੀ ਅਧਿਕਾਰਤ ਪੋਰਟਲ ਤੇ ਜਾ ਕੇ ਆਪਣੀ ਜਾਣਕਾਰੀ ਦਰਜ ਕਰ ਸਕਦੇ ਹਨ। ਪੋਰਟਲ ਦੀ ਵਰਤੋਂ ਲਈ ਸਭ ਤੋਂ ਪਹਿਲਾਂ ਆਪਣੀ ਪਸੰਦ ਦੀ ਭਾਸ਼ਾ ਦੀ ਚੋਣ ਕਰਨੀ ਹੋਵੇਗੀ ਅਤੇ ਫਿਰ ਮੋਬਾਇਲ ਨੰਬਰ ਅਤੇ ਬੁਨਿਆਦੀ ਜਾਣਕਾਰੀ ਦੀ ਮੱਦਦ ਨਾਲ ਲੌਗਇਨ ਕਰਨਾ ਹੋਵੇਗਾ। ਲੌਗਇਨ ਤੋਂ ਬਾਅਦ ਪੋਰਟਲ ਤੇ ਦਿੱਤੇ ਸਾਰੇ ਪ੍ਰਸ਼ਨਾਂ ਦੇ ਸਹੀ ਜਵਾਬ ਭਰ ਕੇ ਫਾਰਮ ਸਬਮਿਟ ਕਰਨਾ ਲਾਜ਼ਮੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਫਾਰਮ ਸਬਮਿਟ ਕਰਨ ਉਪਰੰਤ ਇਕ ਵਿਲੱਖਣ ਸੈਲਫ-ਇਨਿਊਮਰੇਸ਼ਨ ਆਈਡੀ ਜਨਰੇਟ ਹੋਵੇਗੀ। ਜਦੋਂ ਜਨਗਣਨਾ ਮੁਲਾਜ਼ਮ ਘਰ ਦੌਰੇ ਤੇ ਆਵੇਗਾ ਤਾਂ ਨਾਗਰਿਕ ਨੂੰ ਸਿਰਫ ਇਹ ਆਈਡੀ ਦਿਖਾਉਣੀ ਹੋਵੇਗੀ, ਜਿਸ ਨਾਲ ਦਿੱਤੀ ਗਈ ਜਾਣਕਾਰੀ ਦੀ ਤਸਦੀਕ ਹੋ ਜਾਵੇਗੀ ਅਤੇ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਸਹੂਲਤ ਦਾ ਲਾਭ ਲੈਣ ਅਤੇ ਜਨਗਣਨਾ ਪ੍ਰਕਿਰਿਆ ਨੂੰ ਸੁਚੱਜੇ ਅਤੇ ਸਫਲ ਢੰਗ ਨਾਲ ਪੂਰਾ ਕਰਨ ਵਿਚ ਸਹਿਯੋਗ ਦੇਣ। ਇਸ ਮੌਕੇ ਨੋਡਲ ਅਫ਼ਸਰ ਜਨਗਣਨਾ ਗੁਰਿੰਦਰ ਸਿੰਘ ਉੱਪ ਅਰਥ ਅੰਕੜਾ ਸਲਾਹਕਾਰ, ਸਹਾਇਕ ਖੋਜ ਅਫ਼ਸਰ ਤਰਸੇਮ ਲਾਲ, ਸਹਾਇਕ ਚਾਰਜ ਅਫ਼ਸਰ ਸਤੀਸ਼ ਕੁਮਾਰ ਐੱਸਡੀਈ, ਫੀਲਡ ਟ੍ਰੇਨਰ ਅਫ਼ਸਰ ਅੰਕੁਸ਼ ਵਢੇਰਾ, ਸੁਪਰਵਾਇਜ਼ਰ ਹਰੀਸ਼ ਕੁਮਾਰ ਅਤੇ ਗਿਣਤੀਕਾਰ ਤਲਵਿੰਦਰ ਸਿੰਘ ਆਦਿ ਹਾਜ਼ਰ ਸਨ।