14 ਮਈ ਤੱਕ ਚੱਲੇਗੀ ਸਵੈ ਜਨਗਣਨਾ ਦੀ ਸਹੂਲਤ : ਏਡੀਸੀ
ਸੈਲਫ-ਇਨਿਊਮਰੇਸ਼ਨ ਦੀ ਸਹੂਲਤ ਸ਼ੁਰੂ:ਵਧੀਕ ਡਿਪਟੀ ਕਮਿਸ਼ਨਰ
Publish Date: Tue, 05 May 2026 06:46 PM (IST)
Updated Date: Tue, 05 May 2026 06:47 PM (IST)

ਫਾਜ਼ਿਲਕਾ : ਭਾਰਤ ਸਰਕਾਰ ਵੱਲੋਂ ਕਰਵਾਈ ਜਾਣ ਵਾਲੀ ਜਨਗਣਨਾ 2027 ਤਹਿਤ ਆਮ ਲੋਕਾਂ ਦੀ ਸਹੂਲਤ ਲਈ ਸੈਲਫ-ਇਨਿਊਮਰੇਸ਼ਨ (ਸਵੈ ਗਣਨਾ) ਦੀ ਸਹੂਲਤ ਸ਼ੁਰੂ ਹੋ ਚੁੱਕੀ ਹੈ। ਇਸ ਵਿਵਸਥਾ ਰਾਹੀਂ ਨਾਗਰਿਕ ਆਪਣੀ ਜਾਣਕਾਰੀ ਖੁਦ ਆਨਲਾਈਨ ਭਰ ਸਕਣਗੇ ਅਤੇ ਇਹ ਸਹੂਲਤ 14 ਮਈ 2026 ਤੱਕ ਆਨਲਾਈਨ ਉਪਲਬਧ ਰਹੇਗੀ। ਇਸ ਸਮੇਂ ਦੌਰਾਨ ਨਾਗਰਿਕ ਘਰ ਬੈਠੇ ਹੀ ਅਧਿਕਾਰਤ ਪੋਰਟਲ ‘ਤੇ ਜਾ ਕੇ ਆਪਣੀ ਜਾਣਕਾਰੀ ਦਰਜ ਕਰ ਸਕਦੇ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨ.) ਡਾ. ਮਨਦੀਪ ਕੌਰ ਨੇ ਜਨਗਣਨਾ 2027 ਤਹਿਤ ਆਪਣਾ ਸਵੈ ਜਨਗਣਨਾ ਫਾਰਮ ਭਰਨ ਉਪਰੰਤ ਸਾਂਝੀ ਕੀਤੀ। ਵਧੀਕ ਡਿਪਟੀ ਕਮਿਸ਼ਨਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਗਰਿਕ ਘਰ ਬੈਠੇ ਹੀ ਅਧਿਕਾਰਤ ਪੋਰਟਲ se.census.gov.in ‘ਤੇ ਜਾ ਕੇ ਆਪਣੀ ਜਾਣਕਾਰੀ ਦਰਜ ਕਰ ਸਕਦੇ ਹਨ। ਪੋਰਟਲ ਦੀ ਵਰਤੋਂ ਲਈ ਸਭ ਤੋਂ ਪਹਿਲਾਂ ਆਪਣੀ ਪਸੰਦ ਦੀ ਭਾਸ਼ਾ ਦੀ ਚੋਣ ਕਰਨੀ ਹੋਵੇਗੀ ਅਤੇ ਫਿਰ ਮੋਬਾਈਲ ਨੰਬਰ ਅਤੇ ਬੁਨਿਆਦੀ ਜਾਣਕਾਰੀ ਦੀ ਮਦਦ ਨਾਲ ਲੌਗਇਨ ਕਰਨਾ ਹੋਵੇਗਾ। ਲੌਗਇਨ ਤੋਂ ਬਾਅਦ ਪੋਰਟਲ ‘ਤੇ ਦਿੱਤੇ ਸਾਰੇ ਪ੍ਰਸ਼ਨਾਂ ਦੇ ਸਹੀ ਜਵਾਬ ਭਰ ਕੇ ਫਾਰਮ ਸਬਮਿਟ ਕਰਨਾ ਲਾਜ਼ਮੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਫਾਰਮ ਸਬਮਿਟ ਕਰਨ ਉਪਰੰਤ ਇੱਕ ਵਿਲੱਖਣ ਸੈਲਫ-ਇਨਿਊਮਰੇਸ਼ਨ ਆਈਡੀ ਜਨਰੇਟ ਹੋਵੇਗੀ। ਜਦੋਂ ਜਨਗਣਨਾ ਮੁਲਾਜ਼ਮ ਘਰ ਦੌਰੇ ‘ਤੇ ਆਵੇਗਾ ਤਾਂ ਨਾਗਰਿਕ ਨੂੰ ਸਿਰਫ ਇਹ ਆਈਡੀ ਦਿਖਾਉਣੀ ਹੋਵੇਗੀ, ਜਿਸ ਨਾਲ ਦਿੱਤੀ ਗਈ ਜਾਣਕਾਰੀ ਦੀ ਤਸਦੀਕ ਹੋ ਜਾਵੇਗੀ ਅਤੇ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ। ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਸਹੂਲਤ ਦਾ ਲਾਭ ਲੈਣ ਅਤੇ ਜਨਗਣਨਾ ਪ੍ਰਕਿਰਿਆ ਨੂੰ ਸੁਚੱਜੇ ਅਤੇ ਸਫਲ ਢੰਗ ਨਾਲ ਪੂਰਾ ਕਰਨ ਵਿੱਚ ਸਹਿਯੋਗ ਦੇਣ। ਇਸ ਮੌਕੇ ਜ਼ਿਲਾ ਕੋਆਰਡੀਨੇਟਰ ਕਾਰਤਿਕ ਆਰਿਆ, ਡਿਪਟੀ ਈਐਸਏ ਹਰਜਿੰਦਰ ਸਿੰਘ, ਵਿਵੇਕ ਕਟਾਰੀਆ, ਰਾਕੇਸ਼ ਕੁਮਾਰ, ਵਰਿੰਦਰ ਨਾਰੰਗ ਹਾਜ਼ਰ ਸਨ।