ਸੰਧੂ ਹਸਪਤਾਲ ਫ਼ਿਰੋਜ਼ਪੁਰ ਨੇ ਦਿੱਲੀ ਦੇ 900 ਗ੍ਰਾਮ ਦੇ ਜੁੜਵਾ ਬੱਚਿਆਂ ਨੂੰ ਦਿੱਤੀ ਨਵੀਂ ਜ਼ਿੰਦਗੀ
ਸੰਧੂ ਹਸਪਤਾਲ ਫ਼ਿਰੋਜ਼ਪੁਰ ਨੇ ਦਿੱਲੀ ਦੇ 900 ਗ੍ਰਾਮ ਦੇ ਜੁੜਵਾ ਬੱਚਿਆਂ ਨੂੰ ਦਿੱਤੀ ਨਵੀਂ ਜ਼ਿੰਦਗੀ
Publish Date: Sun, 03 May 2026 05:36 PM (IST)
Updated Date: Mon, 04 May 2026 04:09 AM (IST)

ਹਾਈ-ਟੈਕ ਐਂਬੂਲੈਂਸ ਰਾਹੀਂ ਦਿੱਲੀ ਤੋਂ ਲਿਆਂਦੇ ਬੱਚੇ ਹੁਣ ਪੂਰੀ ਤਰ੍ਹਾਂ ਤੰਦਰੁਸਤ ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫ਼ਿਰੋਜ਼ਪੁਰ ਦਾ ਪ੍ਰਸਿੱਧ ਸੰਧੂ ਹਸਪਤਾਲ ਨਵਜੰਮੇ ਅਤੇ ਵੱਡੇ ਬੱਚਿਆਂ ਲਈ ਉਮੀਦ ਦੀ ਕਿਰਨ ਬਣ ਕੇ ਉੱਭਰਿਆ ਹੈ। ਹਾਲ ਹੀ ਵਿਚ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਦਿੱਲੀ ਵਿਚ ਜਨਮੇ ਦੋ ਅਜਿਹੇ ਜੁੜਵਾ ਬੱਚਿਆਂ ਦੀ ਜਾਨ ਬਚਾ ਕੇ ਮਿਸਾਲ ਪੈਦਾ ਕੀਤੀ ਹੈ, ਜਿਨ੍ਹਾਂ ਦਾ ਵਜ਼ਨ ਸਿਰਫ਼ 900 ਗ੍ਰਾਮ ਸੀ। ਅਤਿ-ਆਧੁਨਿਕ ਸਹੂਲਤਾਂ ਅਤੇ ਸਹੀ ਦੇਖਭਾਲ ਸਦਕਾ ਇਹ ਬੱਚੇ ਹੁਣ ਬਿਲਕੁਲ ਸਹੀ ਸਲਾਮਤ ਹਨ। ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਨੂੰ ਇੱਕੋ ਛੱਤ ਹੇਠ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਿਹਾ ‘ਸੰਧੂ ਹਸਪਤਾਲ’ ਇਕ ਵਾਰ ਫਿਰ ਚਰਚਾ ਵਿਚ ਹੈ। ਇੱਥੇ ਨਾ ਸਿਰਫ਼ ਵਧੀਆ ਇਲਾਜ ਮਿਲ ਰਿਹਾ ਹੈ, ਸਗੋਂ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਵੱਡੇ ਪੱਧਰ ’ਤੇ ਫਾਇਦਾ ਵੀ ਦਿੱਤਾ ਜਾ ਰਿਹਾ ਹੈ। ਡਾਕਟਰਾਂ ਦੀ ਅਣਥੱਕ ਮਿਹਨਤ ਅਤੇ ਹਸਪਤਾਲ ਦੇ ਸਟਾਫ਼ ਦੀ ਵਧੀਆ ਦੇਖਭਾਲ ਸਦਕਾ ਘੱਟ ਵਜ਼ਨ ਵਾਲੇ ਦੋ ਜੁੜਵਾ ਬੱਚਿਆਂ ਨੂੰ ਨਵਾਂ ਜੀਵਨ ਮਿਲਿਆ ਹੈ। ਹਸਪਤਾਲ ਦੇ ਮਾਲਕ ਅਤੇ ਸੀਨੀਅਰ ਡਾਕਟਰ ਰਾਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਕ ਪਰਿਵਾਰ ਦੇ ਘਰ ਨਵੀਂ ਦਿੱਲੀ ਵਿਖੇ ਜੁੜਵਾ ਬੱਚਿਆਂ ਨੇ ਜਨਮ ਲਿਆ ਸੀ। ਜਨਮ ਦੇ ਸਮੇਂ ਦੋਵਾਂ ਬੱਚਿਆਂ ਦਾ ਵਜ਼ਨ ਬਹੁਤ ਹੀ ਘੱਟ, ਸਿਰਫ਼ 900 ਗ੍ਰਾਮ ਸੀ। ਅਜਿਹੀ ਨਾਜ਼ੁਕ ਹਾਲਤ ਵਿਚ ਬੱਚਿਆਂ ਨੂੰ ਉੱਚ ਦਰਜੇ ਦੀ ਐੱਨਆਈਸੀਯੂ ਦੇਖਭਾਲ ਦੀ ਸਖ਼ਤ ਜ਼ਰੂਰਤ ਸੀ। ਬੱਚਿਆਂ ਦੇ ਮਾਪਿਆਂ ਨੇ ਇਲਾਜ ਲਈ ਸੰਧੂ ਹਸਪਤਾਲ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਇਕ ਵਿਸ਼ੇਸ਼ ਸਹੂਲਤਾਂ ਵਾਲੀ ਹਾਈ-ਟੈਕ ਐਂਬੂਲੈਂਸ ਰਾਹੀਂ ਬੱਚਿਆਂ ਨੂੰ ਦਿੱਲੀ ਤੋਂ ਫ਼ਿਰੋਜ਼ਪੁਰ ਲਿਆਂਦਾ ਗਿਆ। ਡਾ. ਸੰਧੂ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦਾ ਇਲਾਜ ਮਾਹਿਰ ਡਾਕਟਰ ਸੁਖਨਵਰ ਸਿੰਘ ਸੰਧੂ ਵੱਲੋਂ ਆਪਣੀ ਵਿਸ਼ੇਸ਼ ਟੀਮ ਨਾਲ ਬਹੁਤ ਹੀ ਬਾਰੀਕੀ ਅਤੇ ਸੰਜੀਦਗੀ ਨਾਲ ਕੀਤਾ ਗਿਆ। ਕਈ ਦਿਨਾਂ ਦੀ ਸਖ਼ਤ ਮਿਹਨਤ ਅਤੇ ਨਿਗਰਾਨੀ ਤੋਂ ਬਾਅਦ, ਬੱਚਿਆਂ ਦੀ ਸਿਹਤ ਵਿਚ ਸੁਧਾਰ ਹੋਇਆ ਅਤੇ ਹੁਣ ਉਹ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਹਨ। ਦੋਵਾਂ ਬੱਚਿਆਂ ਨੂੰ ਸਫਲਤਾਪੂਰਵਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਮੌਕੇ ਡਾ. ਸੁਖਨਵਰ ਸਿੰਘ ਸੰਧੂ ਨੇ ਮਾਪਿਆਂ ਨੂੰ ਸਲਾਹ ਦਿੱਤੀ ਕਿ ਨਵਜਾਤ ਬੱਚਿਆਂ ਦੇ ਇਲਾਜ ਵਿਚ ਕਦੇ ਵੀ ਦੇਰੀ ਜਾਂ ਕੁਤਾਹੀ ਨਹੀਂ ਵਰਤਣੀ ਚਾਹੀਦੀ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਅਤੇ ਨਿਯਮਿਤ ਚੈੱਕਅਪ ਕਰਵਾਉਣਾ ਬਹੁਤ ਜ਼ਰੂਰੀ ਹੈ। ਹਸਪਤਾਲ ਪ੍ਰਬੰਧਕਾਂ ਨੇ ਦੁਹਰਾਇਆ ਕਿ ਨਵਜਾਤ ਬੱਚਿਆਂ ਦੇ ਹਰ ਤਰ੍ਹਾਂ ਦੇ ਜਟਿਲ ਇਲਾਜ ਲਈ ਹਸਪਤਾਲ ਵਿਚ 24 ਘੰਟੇ ਪੁਖ਼ਤਾ ਪ੍ਰਬੰਧ ਮੌਜ਼ੂਦ ਹਨ।