ਅਬੁਲ ਖੁਰਾਣਾ ਡਰੇਨ ਦੀ ਮਾੜੀ ਹਾਲਤ ਸਬੰਧੀ ਸੀਐੱਮ ਨੂੰ ਲਿਖਿਆ ਪੱਤਰ
ਅਬੁਲ ਖੁਰਾਣਾ ਡਰੇਨ ਦੀ ਮਾੜੀ ਹਾਲਤ ‘ਤੇ ਸੰਦੀਪ ਜਾਖੜ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
Publish Date: Wed, 06 May 2026 05:53 PM (IST)
Updated Date: Wed, 06 May 2026 05:53 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਅਬੋਫਰ ਦੇ ਵਿਧਾਇਕ ਸੰਦੀਪ ਜਾਖੜ ਨੇ ਫਾਜ਼ਿਲਕਾ ਜ਼ਿਲ੍ਹੇ ਦੀ ਅਬੁਲ ਖੁਰਾਣਾ ਡਰੇਨ ਦੀ ਮਾੜੀ ਹਾਲਤ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਚੇਤਾਵਨੀ ਪੱਤਰ ਲਿਖਿਆ ਹੈ। ਡਰੇਨ ਨਾਲ ਲੱਗਦੇ ਖੇਤਰਾਂ ਦੇ ਦੌਰੇ ਤੋਂ ਬਾਅਦ ਵਿਧਾਇਕ ਨੇ ਪ੍ਰਸ਼ਾਸਨ ਵੱਲੋਂ ਸਫਾਈ ਅਤੇ ਮਜ਼ਬੂਤੀਕਰਨ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਨੂੰ ਖੋਖਲਾ ਕਰਾਰ ਦਿੱਤਾ ਹੈ। ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਮੌਕੇ ਦੇ ਨਿਰੀਖਣ ਦੌਰਾਨ ਨਾ ਤਾਂ ਡਰੇਨ ਦੀ ਢੰਗ ਨਾਲ ਸਫਾਈ ਨਜ਼ਰ ਆਈ ਅਤੇ ਨਾ ਹੀ ਕਿਨਾਰਿਆਂ ਨੂੰ ਮਜ਼ਬੂਤ ਕਰਨ ਲਈ ਕੋਈ ਢੁੱਕਵੇਂ ਪ੍ਰਬੰਧ ਮਿਲੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਦਾਅਵੇ ਸਿਰਫ ਕਾਗਜ਼ਾਂ ਤੱਕ ਸੀਮਤ ਹਨ, ਜਦਕਿ ਜ਼ਮੀਨੀ ਹਕੀਕਤ ਕਾਫੀ ਚਿੰਤਾਜਨਕ ਹੈ। ਉਨ੍ਹਾਂ ਪਿਛਲੇ ਸਾਲ ਅਗਸਤ ਅਤੇ ਇਸ ਸਾਲ ਅਪ੍ਰੈਲ ਵਿੱਚ ਹੋਈ ਭਾਰੀ ਬਾਰਿਸ਼ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਖੇਤਰ ਦੇ ਕਿਸਾਨ ਅਤੇ ਆਮ ਲੋਕ ਪਹਿਲਾਂ ਹੀ ਫਸਲਾਂ ਅਤੇ ਜਾਇਦਾਦ ਦੇ ਨੁਕਸਾਨ ਕਾਰਨ ਵੱਡੀ ਮਾਰ ਝੱਲ ਚੁੱਕੇ ਹਨ। ਉਨ੍ਹਾਂ ਚਿੰਤਾ ਜਤਾਈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਮੁੜ ਭਾਰੀ ਬਾਰਿਸ਼ ਹੋਈ ਤਾਂ ਮੌਜੂਦਾ ਹਾਲਾਤਾਂ ਵਿੱਚ ਦਰਜਨਾਂ ਪਿੰਡ ਡੁੱਬ ਸਕਦੇ ਹਨ ਅਤੇ ਹਜ਼ਾਰਾਂ ਏਕੜ ਫਸਲ ਤਬਾਹ ਹੋ ਸਕਦੀ ਹੈ। ਸੰਦੀਪ ਜਾਖੜ ਨੇ ਮੁੱਖ ਮੰਤਰੀ ਤੋਂ ਮਾਮਲੇ ਵਿੱਚ ਤੁਰੰਤ ਦਖਲ ਦੀ ਮੰਗ ਕਰਦਿਆਂ ਸਬੰਧਤ ਵਿਭਾਗ ਨੂੰ ਡਰੇਨ ਦੀ ਸਫਾਈ ਅਤੇ ਬੰਨ੍ਹਾਂ ਦੇ ਮਜ਼ਬੂਤੀਕਰਨ ਲਈ ਸਖ਼ਤ ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਜਾਨੀ-ਮਾਲੀ ਨੁਕਸਾਨ ਲਈ ਸਰਕਾਰ ਅਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।