ਫਾਜ਼ਿਲਕਾ 'ਚ ਰੇਤ ਮਜ਼ਦੂਰਾਂ ਨੇ ਕੀਤਾ ਪ੍ਰਦਰਸ਼ਨ
ਫਾਜ਼ਿਲਕਾ 'ਚ ਰੇਤ ਮਜ਼ਦੂਰਾਂ ਨੇ ਕੀਤਾ ਪ੍ਰਦਰਸ਼ਨ
Publish Date: Tue, 10 Feb 2026 05:12 PM (IST)
Updated Date: Tue, 10 Feb 2026 05:14 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਫਾਜ਼ਿਲਕਾ ਵਿੱਚ ਜਨਰਲ ਰੇਤ ਵਰਕਰ ਯੂਨੀਅਨ ਪੰਜਾਬ ਵੱਲੋਂ ਸਥਾਨਕ ਪ੍ਰਤਾਪ ਬਾਗ ਵਿੱਚ ਮੀਟਿੰਗ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮਜ਼ਦੂਰਾਂ ਨੇ ਦੋਸ਼ ਲਾਇਆ ਕਿ ਸਰਹੱਦੀ ਖੇਤਰ ਵਿੱਚ ਸਤਲੁਜ ਕਰੀਕ ਦੇ ਨੇੜੇ ਰੇਤ ਦੀ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਨੂੰ ਪ੍ਰਸ਼ਾਸਨ ਵੱਲੋਂ ਮਨਜ਼ੂਰਸ਼ੁਦਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉੱਥੇ ਮਸ਼ੀਨਾਂ ਰਾਹੀਂ ਰੇਤ ਦੀ ਖੁਦਾਈ ਕਰਵਾਈ ਜਾ ਰਹੀ ਹੈ, ਜਦਕਿ ਸਥਾਨਕ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਕੰਮ ਨਾ ਮਿਲਿਆ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਕਾਮਰੇਡ ਸ਼ੁਭੇਗ ਸਿੰਘ ਨੇ ਦੱਸਿਆ ਕਿ ਰੇਤ ਮਜ਼ਦੂਰਾਂ ਵੱਲੋਂ ਕੰਮ ਦੇ ਮੁੱਦੇ ਤੇ ਇਹ ਮੀਟਿੰਗ ਬੁਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਰਹੱਦੀ ਇਲਾਕੇ ਦੇ ਕਾਂਵਾਂਵਾਲੀ ਪੱਤਣ ਸਤਲੁਜ ਕਰੀਕ ਨੇੜੇ ਪੈਂਦੇ ਪਿੰਡ ਦੋਨਾ ਨਾਨਕਾ ਦੇ ਸ਼ਮਸ਼ਾਨਘਾਟ ਵਾਲੇ ਰਸਤੇ ਤੇ ਰੇਤ ਦੀ ਮਾਈਨਿੰਗ ਸ਼ੁਰੂ ਕੀਤੀ ਗਈ ਹੈ। ਉੱਥੇ ਵੱਡੀਆਂ ਪੋਕਲੇਨ ਮਸ਼ੀਨਾਂ ਲਗਾ ਕੇ ਰੇਤ ਕੱਢੀ ਜਾ ਰਹੀ ਹੈ। ਵਿਭਾਗ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਇਹ ਖੱਡ ਮਨਜ਼ੂਰਸ਼ੁਦਾ ਹੈ। ਮਜ਼ਦੂਰ ਆਗੂਆਂ ਨੇ ਸਵਾਲ ਉਠਾਇਆ ਕਿ ਜੇਕਰ ਰੇਤ ਦੀ ਖੱਡ ਮਨਜ਼ੂਰਸ਼ੁਦਾ ਹੈ ਤਾਂ ਮਜ਼ਦੂਰਾਂ ਤੋਂ ਕੰਮ ਕਿਉਂ ਨਹੀਂ ਲਿਆ ਜਾ ਰਿਹਾ? ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਮਿਲੀਭੁਗਤ ਦੇ ਦੋਸ਼ ਲਾਉਂਦਿਆਂ ਮਾਮਲੇ ਦੀ ਜਾਂਚ ਅਤੇ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਮਸ਼ੀਨੀ ਖੁਦਾਈ ਬੰਦ ਕਰਨ ਦੀ ਮੰਗ ਜਨਰਲ ਰੇਤ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਿਮਨ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ ਅਤੇ ਮਸ਼ੀਨਾਂ ਰਾਹੀਂ ਕੀਤੀ ਜਾ ਰਹੀ ਖੁਦਾਈ ਤੁਰੰਤ ਬੰਦ ਹੋਣੀ ਚਾਹੀਦੀ ਹੈ। ਦੂਜੇ ਪਾਸੇ ਵਿਭਾਗ ਦੇ ਐਸ.ਡੀ.ਓ. ਜਗਦੀਪ ਸਿੰਘ ਦਾ ਕਹਿਣਾ ਹੈ ਕਿ ਸਤਲੁਜ ਦੀ ਡੀਸਿਲਟਿੰਗ (ਸਫ਼ਾਈ) ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਖੁਦਾਈ ਕੀਤੀ ਜਾ ਰਹੀ ਹੈ। ਇਸ ਵਿੱਚ ਰੇਤ ਅਤੇ ਮਿੱਟੀ ਸਭ ਸ਼ਾਮਲ ਹੈ। ਜਦੋਂ ਉਨ੍ਹਾਂ ਤੋਂ ਮਜ਼ਦੂਰਾਂ ਨੂੰ ਕੰਮ ਨਾ ਦੇਣ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਅਦਾਲਤੀ ਮਾਮਲੇ ਕਾਰਨ ਬਾਹਰ ਹਨ ਅਤੇ ਬਾਅਦ ਵਿੱਚ ਜਾਣਕਾਰੀ ਸਾਂਝੀ ਕਰਨਗੇ।