ਸਫ਼ਾਈ ਸੇਵਕ ਯੂਨੀਅਨ ਮੁੱਦਕੀ ਵੱਲੋਂ ਅਣਮਿੱਥੇ ਸਮੇਂ ਲਈ ਕੰਮ ਛੋੜ ਹੜਤਾਲ ਦਾ ਐਲਾਨ
ਸਫ਼ਾਈ ਸੇਵਕ ਯੂਨੀਅਨ ਮੁੱਦਕੀ ਵੱਲੋਂ ਅਣਮਿੱਥੇ ਸਮੇਂ ਲਈ ਕੰਮ ਛੋੜ ਹੜਤਾਲ ਦਾ ਐਲਾਨ
Publish Date: Wed, 06 May 2026 04:39 PM (IST)
Updated Date: Wed, 06 May 2026 04:41 PM (IST)

ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ ਮੁੱਦਕੀ : ਮਿਊਂਸਪਲ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕ ਯੂਨੀਅਨ ਵੱਲੋਂ ਦਿੱਤੇ ਗਏ ਸੂਬਾ ਪੱਧਰੀ ਸੱਦੇ ’ਤੇ ਮੁੱਦਕੀ ਵਿਖੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਵੱਲੋਂ ਮੁਕੰਮਲ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸਫ਼ਾਈ ਸੇਵਕ ਯੂਨੀਅਨ ਮੁੱਦਕੀ ਦੇ ਪ੍ਰਧਾਨ ਦੀਪ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਸਮੂਹ ਮਿਊਂਸਪਲ ਮੁਲਾਜ਼ਮ, ਸਫ਼ਾਈ ਸੇਵਕ ਅਤੇ ਸੀਵਰਮੈਨ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੱਖੋਂ-ਪਰੋਖੇ ਕਰ ਰਹੀ ਹੈ। ਸਰਕਾਰ ਦੇ ਇਸ ਅੜੀਅਲ ਵਤੀਰੇ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਸੂਬਾ ਜਥੇਬੰਦੀ ਨੇ ਬੀਤੇ ਦਿਨ ਤੋਂ ਪੂਰੇ ਪੰਜਾਬ ਵਿਚ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਫੈਸਲਾ ਲਿਆ ਹੈ। ਦੀਪ ਕੁਮਾਰ ਨੇ ਅੱਗੇ ਦੱਸਿਆ ਕਿ ਹੜਤਾਲ ਦੇ ਫੈਸਲੇ ਦੀ ਰਸਮੀ ਸੂਚਨਾ ਦੇਣ ਲਈ ਯੂਨੀਅਨ ਵੱਲੋਂ ਇੱਕ ਮੰਗ ਪੱਤਰ ਕਾਰਜ ਸਾਧਕ ਅਫ਼ਸਰ, ਨਗਰ ਪੰਚਾਇਤ ਮੁੱਦਕੀ ਦੇ ਨਾਮ ਦਿੱਤਾ ਗਿਆ ਹੈ। ਇਹ ਮੰਗ ਪੱਤਰ ਨਗਰ ਪੰਚਾਇਤ ਦੇ ਜੂਨੀਅਰ ਸਹਾਇਕ ਅਸ਼ੋਕ ਕੁਮਾਰ ਤਲਵੰਡੀ ਭਾਈ ਅਤੇ ਕਲਰਕ ਜਤਿੰਦਰ ਸਿੰਘ ਨੂੰ ਸੌਂਪਿਆ ਗਿਆ। ਇਸ ਮੌਕੇ ਅੰਗਰੇਜ਼ ਸਿੰਘ ਬਰਾੜ, ਮੰਗਲ ਸਿੰਘ, ਜੱਸਾ, ਰਮੇਸ਼ ਕੁਮਾਰ, ਸੁਨੀਲ ਕੁਮਾਰ, ਅਸ਼ੋਕ ਕੁਮਾਰ, ਨਟਵਰ ਲਾਲ, ਅਤੇ ਸੱਤਪਾਲ ਸਮੇਤ ਹੋਰ ਸਫ਼ਾਈ ਸੇਵਕ ਅਤੇ ਯੂਨੀਅਨ ਆਗੂ ਮੌਜ਼ੂਦ ਸਨ।