ਫ਼ਾਜ਼ਿਲਕਾ ‘ਚ ਸਟਰਾਂਗ ਰੂਮਾਂ ਦੀ ਸੀਲ ਨੂੰ ਲੈਕੇ ਉੱਡੀ ਅਫ਼ਵਾਹ, ਪ੍ਰਸ਼ਾਸਨ ਨੇ ਸਿਆਸੀ ਆਗੂਆਂ ਨੂੰ ਕਰਵਾਇਆ ਸੰਤੁਸ਼ਟ
ਫ਼ਾਜ਼ਿਲਕਾ ਵਿਖੇ ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਤੋਂ ਬਾਅਦ ਬੈਲਟ ਬਾਕਸਾਂ ਨੂੰ ਸਕੂਲ ਆਫ਼ ਐਮੀਨੈਂਸ ਵਿਖੇ ਬਣਾਏ ਗਏ ਸਟਰਾਂਗ ਰੂਮਾਂ ਵਿੱਚ ਰੱਖਿਆ ਗਿਆ ਹੈ। ਇੱਥੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
Publish Date: Wed, 27 May 2026 11:31 PM (IST)
Updated Date: Wed, 27 May 2026 11:32 PM (IST)
ਰਿਤਿਸ਼ ਕੁੱਕੜ. ਪੰਜਾਬੀ ਜਾਗਰਣ, ਫਾਜ਼ਿਲਕਾ: ਫ਼ਾਜ਼ਿਲਕਾ ਵਿਖੇ ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਤੋਂ ਬਾਅਦ ਬੈਲਟ ਬਾਕਸਾਂ ਨੂੰ ਸਕੂਲ ਆਫ਼ ਐਮੀਨੈਂਸ ਵਿਖੇ ਬਣਾਏ ਗਏ ਸਟਰਾਂਗ ਰੂਮਾਂ ਵਿੱਚ ਰੱਖਿਆ ਗਿਆ ਹੈ। ਇੱਥੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਬੀਤੀ ਸ਼ਾਮ ਸੋਸ਼ਲ ਮੀਡੀਆ ’ਤੇ ਸਟਰਾਂਗ ਰੂਮ ਦੀਆਂ ਸੀਲਾਂ ਵਿੱਚ ਗੜਬੜੀ ਦੀ ਅਫ਼ਵਾਹ ਫੈਲਣ ਤੋਂ ਬਾਅਦ ਭਾਜਪਾ ਦੇ ਸਾਬਕਾ ਮੰਤਰੀ , ਕਾਂਗਰਸ ਦੇ ਸਾਬਕਾ ਵਿਧਾਇਕ , ਆਜ਼ਾਦ ਉਮੀਦਵਾਰ ਪੂਜਾ ਲੂਥਰਾ ਸਚਦੇਵਾ ਅਤੇ ਭਾਜਪਾ ਮੰਡਲ ਪ੍ਰਧਾਨ ਰਮੇਸ਼ ਕਟਾਰੀਆ ਸਮੇਤ ਕਈ ਸਿਆਸੀ ਆਗੂ ਮੌਕੇ ’ਤੇ ਪਹੁੰਚੇ।
ਇਸ ਦੌਰਾਨ ਰਿਟਰਨਿੰਗ ਅਫ਼ਸਰ ਜੁਗਰਾਜ ਸਿੰਘ ਕਾਹਲੋਂ ਅਤੇ ਡੀਐੱਸਪੀ ਬੀਐੱਸ ਰੰਧਾਵਾ ਵੱਲੋਂ ਸਿਆਸੀ ਆਗੂਆਂ ਨੂੰ ਸਟਰਾਂਗ ਰੂਮ ਦੇ ਗੇਟ, ਤਾਲੇ ਅਤੇ ਸੀਲਾਂ ਚੈੱਕ ਕਰਵਾਈਆਂ ਗਈਆਂ। ਜਾਂਚ ਦੌਰਾਨ ਸਾਰੀਆਂ ਸੀਲਾਂ ਅਤੇ ਲਾਲ ਸੀਲ ਸਹੀ ਹਾਲਤ ਵਿੱਚ ਪਾਈ ਗਈ।
ਰਿਟਰਨਿੰਗ ਅਫ਼ਸਰ ਜੁਗਰਾਜ ਸਿੰਘ ਕਾਹਲੋਂ ਨੇ ਕਿਹਾ ਕਿ ਸਟਰਾਂਗ ਰੂਮ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਹਰ ਸਮੇਂ ਸੀਸੀਟੀਵੀ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਅਫ਼ਵਾਹਾਂ ਕਾਰਨ ਸਿਆਸੀ ਆਗੂਆਂ ਅਤੇ ਉਮੀਦਵਾਰਾਂ ਦੇ ਮਨ ਵਿੱਚ ਪੈਦਾ ਹੋਏ ਸ਼ੱਕ ਦੂਰ ਕਰ ਦਿੱਤੇ ਗਏ ਹਨ।
ਉੱਥੇ ਹੀ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਤੇ ਸਾਬਕਾ ਵਿਧਾਇਕ ਦਵਿੰਦਰ ਘੁਬਾਇਆ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਖ਼ਬਰ ਦੇਖਣ ਤੋਂ ਬਾਅਦ ਉਹ ਆਪਣੀ-ਆਪਣੀ ਪਾਰਟੀ ਦੇ ਉਮੀਦਵਾਰਾਂ ਨਾਲ ਸਟਰਾਂਗ ਰੂਮਾਂ ਦਾ ਜਾਇਜ਼ਾ ਲੈਣ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਸਾਰੇ ਤਾਲੇ ਅਤੇ ਸੀਲਾਂ ਸਹੀ ਮਿਲੀਆਂ ਹਨ ਅਤੇ ਵੋਟਾਂ ਦੀ ਗਿਣਤੀ ਤੱਕ ਉਨ੍ਹਾਂ ਦੀ ਪਾਰਟੀ ਦੇ ਆਗੂ ਇੱਥੇ ਨਿਗਰਾਨੀ ਰੱਖਣਗੇ।