ਆਰਬੀਐੱਸਕੇ ਤਹਿਤ ਮੈਡੀਕਲ ਟੀਮਾਂ ਨਾਲ ਲਿਆ ਜਾਇਜ਼ਾ
ਆਰ.ਬੀ.ਐਸ.ਕੇ ਤਹਿਤ ਮੈਡੀਕਲ ਟੀਮਾਂ ਦੀ ਰਿਵਿਊ ਮੀਟਿੰਗ ਆਯੋਜਿਤ
Publish Date: Mon, 11 May 2026 05:48 PM (IST)
Updated Date: Mon, 11 May 2026 05:51 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਸਿਹਤ ਵਿਭਾਗ ਦੇ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਕਵਿਤਾ ਸਿੰਘ ਦੀ ਅਗਵਾਈ ਹੇਠ ਰਾਸ਼ਟਰੀ ਬਾਲ ਸਵਾਸਥ ਕਾਰਜਕ੍ਰਮ (ਆਰ.ਬੀ.ਐਸ.ਕੇ.) ਤਹਿਤ ਜ਼ਿਲ੍ਹੇ ਦੀਆਂ ਸਮੂਹ ਮੈਡੀਕਲ ਟੀਮਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਲਈ ਰਿਵਿਊ ਮੀਟਿੰਗ ਆਯੋਜਿਤ ਕੀਤੀ ਗਈ। ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਉਦੇਸ਼ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਦੀ ਸਿਹਤ ਜਾਂਚ ਦੀ ਪ੍ਰਗਤੀ ਦਾ ਜਾਇਜ਼ਾ ਲੈਣਾ, ਬਿਮਾਰ ਪਾਏ ਗਏ ਬੱਚਿਆਂ ਦੇ ਇਲਾਜ ਅਤੇ ਉੱਚ ਕੇਂਦਰਾਂ ਵਿੱਚ ਰੈਫਰਲ ਦੇ ਅੰਕੜਿਆਂ ਦੀ ਸਮੀਖਿਆ ਕਰਨਾ ਅਤੇ ਨਿਰਧਾਰਤ ਟੀਚਿਆਂ ਦੀ ਪੂਰਤੀ ਨੂੰ ਯਕੀਨੀ ਬਣਾਉਣਾ ਸੀ। ਉਨ੍ਹਾਂ ਹਦਾਇਤ ਕੀਤੀ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦੇ ਦੌਰਿਆਂ ਦਾ ਟੀਚਾ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਲਈ ਟੀਮਾਂ ਨੂੰ ਦਿੱਤੇ ਗਏ ਹੈਂਡ ਹੈਲਡ ਰੀਫਰੈਕਟਰੋਮੀਟਰਾਂ ਦਾ ਪ੍ਰਯੋਗ ਲਾਜ਼ਮੀ ਤੌਰ ‘ਤੇ ਕੀਤਾ ਜਾਵੇ।ਡਾ.ਕਵਿਤਾ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਅਨੀਮੀਆ ਮੁਕਤ ਪੰਜਾਬ ਮੁਹਿੰਮ ਤਹਿਤ 10 ਤੋਂ 19 ਸਾਲ ਦੀਆਂ ਕੁੜੀਆਂ ਦੀ ਖੂਨ ਜਾਂਚ ਵੀ ਕੀਤੀ ਜਾ ਰਹੀ ਹੈ। ਇਸ ਸਬੰਧੀ ਸਕੂਲ ਸਟਾਫ ਅਤੇ ਮਾਪਿਆਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਬੱਚੀਆਂ ਇਸ ਮੁਹਿੰਮ ਦਾ ਲਾਭ ਲੈ ਸਕਣ।ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਮੈਡੀਕਲ ਟੀਮਾਂ ਵੱਲੋਂ ਦੌਰਿਆਂ ਦੌਰਾਨ ਬੱਚਿਆਂ ਦੀ ਜਾਂਚ ਤਸੱਲੀਬਖ਼ਸ਼ ਢੰਗ ਨਾਲ ਕੀਤੀ ਜਾਵੇ ਤਾਂ ਜੋ ਬੱਚਿਆਂ ਨੂੰ ਹੋਰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਜੇਸ਼ ਕੁਮਾਰ ਵੱਲੋਂ ਮੈਡੀਕਲ ਟੀਮਾਂ ਦੀ ਕਾਰਗੁਜ਼ਾਰੀ ਦੀ ਵਿਸਥਾਰ ਨਾਲ ਪ੍ਰਸਤੁਤੀ ਦਿੱਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਮੈਡੀਕਲ ਟੀਮਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਦਾ ਭਰੋਸਾ ਵੀ ਦਿੱਤਾ।ਮੀਟਿੰਗ ਵਿੱਚ ਡਾ. ਰਿੰਕੂ ਚਾਵਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ, ਜ਼ਿਲ੍ਹੇ ਦੀਆਂ ਸਮੂਹ ਆਰ.ਬੀ.ਐਸ.ਕੇ. ਮੈਡੀਕਲ ਅਫ਼ਸਰ, ਜ਼ਿਲ੍ਹਾ ਕੋਆਰਡੀਨੇਟਰ ਬਲਜੀਤ ਸਿੰਘ, ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾ, ਮਨਬੀਰ ਸਿੰਘ, ਦਿਵੇਸ਼ ਕੁਮਾਰ ਅਤੇ ਸੁਖਦੇਵ ਸਿੰਘ ਮੌਜੂਦ ਸਨ।