ਧਾਰਮਿਕ ਸਥਾਨਾਂ ਵਾਂਗ ਸਕੂਲਾਂ ਨੂੰ ਵੀ ਸਾਫ਼-ਸੁਥਰਾ ਰੱਖਣ ਦੀ ਲੋੜ : ਸੰਤ ਸੀਚੇਵਾਲ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਅਧਿਆਪਕ ਦੀ ਸੇਵਾ ਮੁਕਤੀ ਸਮਾਗਮ ਵਿੱਚ ਕੀਤੀ ਸ਼ਿਰਕਤ
Publish Date: Mon, 04 May 2026 03:31 PM (IST)
Updated Date: Mon, 04 May 2026 03:32 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਭੰਗਾਲਾ ਦੇ ਸਰਕਾਰੀ ਮਿਡਲ ਸਕੂਲ ਦੇ ਮੁੱਖ ਅਧਿਆਪਕ ਦਲੀਪ ਭਾਬੂੰ ਦੀ ਸੇਵਾ ਮੁਕਤੀ ਸਮਾਗਮ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਨਿੱਗਰ ਤੇ ਨਿਰੋਏ ਸਮਾਜ ਦੀ ਸਿਰਜਣਾ ਵਿਚ ਸਭ ਤੋਂ ਵੱਡਾ ਹੱਥ ਅਧਿਆਪਕ ਵਰਗ ਦਾ ਹੁੰਦਾ ਹੈ। ਅਧਿਆਪਕ ਦਲੀਪ ਦੀ ਰੁਚੀ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵੱਲ ਰਹੀ ਹੈ। ਉਹ ਅਕਸਰ ਹੀ ਬਾਬੇ ਨਾਨਕ ਦੀ ਵੇਈਂ ਦੇ ਦਰਸ਼ਨਾਂ ਲਈ ਸੁਲਤਾਨਪੁਰ ਲੋਧੀ ਵੀ ਆਉਂਦੇ ਰਹੇ ਸਨ ਅਤੇ ਸਕੂਲ ਦੇ ਬੱਚਿਆਂ ਨੂੰ ਨਾਲ ਲਿਆਉਂਦੇ ਸਨ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਵੀ ਧਾਰਮਿਕ ਅਸਥਾਨਾਂ ਵਾਂਗ ਸਾਫ਼ ਸੁਥਰਾ ਰੱਖਣ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਖਿਤੇ ਵਿੱਚ ਜਿਹੜਾ ਨਹਿਰੀ ਪਾਣੀ ਆਉਂਦਾ ਹੈ ਉਸ ’ਚ ਲੁਧਿਆਣੇ ਦਾ ਬੁੱਢਾ ਦਰਿਆ, ਚਿੱਟੀ ਵੇਈ ਤੇ ਜਲੰਧਰ ਦੀ ਕਾਲਾ ਸੰਘਿਆ ਤੇ ਜਮਸ਼ੇਰ ਡਰੇਨ ਦਾ ਜ਼ਹਿਰੀਲਾ ਪਾਣੀ ਰਲਿਆ ਹੁੰਦਾ ਹੈ। ਹੁਣ ਜਦੋਂ ਬੁੱਢੇ ਦਰਿਆ ਵਿੱਚ 79 ਡੇਅਰੀਆਂ ਦਾ ਗੰਦਾ ਪਾਣੀ ਪੈਣ ਤੋਂ ਰੋਕਿਆ ਗਿਆ ਹੈ ਤਾਂ ਪਾਣੀ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵਾਤਾਵਰਣ ਅਤੇ ਪੰਜਾਬ ਦੇ ਨਦੀਆਂ ਦਰਿਆਵਾਂ ਨਾਲ ਦਲੀਪ ਵਰਗੇ ਟੀਚਰ ਜੁੜਨਗੇ ਤਾਂ ਸਕੂਲਾਂ ਦੇ ਬੱਚੇ ਵੀ ਇਸ ਵਿੱਚ ਬਣਦਾ ਹਿੱਸਾ ਪਾਉਣਗੇ।