ਐਤਵਾਰ ਤੜਕੇ ਆਏ ਮੀਂਹ ਨੇ ਖੋਲ੍ਹੀ ਖਰੀਦ ਕੀਤੀ ਕਣਕ ਦੇ ਪ੍ਰਬੰਧਾਂ ਦੀ ਪੋਲ
ਐਤਵਾਰ ਤੜਕੇ ਆਏ ਮੀਂਹ ਨੇ ਖੋਲੀ ਖਰੀਦ ਕੀਤੀ ਕਣਕ ਦੇ ਪ੍ਰਬੰਧਾਂ ਦੀ ਪੋਲ
Publish Date: Sun, 03 May 2026 06:07 PM (IST)
Updated Date: Mon, 04 May 2026 04:11 AM (IST)

ਬਿਨਾਂ ਤਿਰਪਾਲੋਂ ਖੁੱਲ੍ਹੇ ਅਸਮਾਨ ਥੱਲੇ ਮੀਂਹ ਨਾਲ ਭਿੱਜੀਆਂ ਕਣਕ ਦੀਆਂ ਹਜ਼ਾਰਾਂ ਬੋਰੀਆਂ ਲਿਫਟਿੰਗ ਦੇ ਇੰਤਜ਼ਾਰ ਚ ਪਈ ਕਰੋੜਾਂ ਰੁਪਏ ਦੀ ਕਣਕ ’ਚ ਭਰਿਆ ਪਾਣੀ ਮੀਂਹ ਨਾਲ ਭਿੱਜੀ ਕਰੋੜਾਂ ਦੀ ਕਣਕ, ਮੰਡੀਆਂ ਦੇ ਨਾਕਸ ਪ੍ਰਬੰਧ ਦੀ ਖੁੱਲ੍ਹੀ ਪੋਲ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫ਼ਿਰੋਜ਼ਪੁਰ : ਐਤਵਾਰ ਤੜਕੇ ਆਏ ਮੀਂਹ ਨੇ ਜਿੱਥੇ ਅਨਾਜ ਮੰਡੀਆਂ ’ਚ ਖਰੀਦ ਪ੍ਰਬੰਧਾਂ ਦੀ ਅਸਲ ਹਕੀਕਤ ਬੇਨਕਾਬ ਕਰ ਦਿੱਤੀ, ਉਥੇ ਲਿਫਟਿੰਗ ਦੇ ਇੰਤਜ਼ਾਰ ’ਚ ਖੁੱਲ੍ਹੇ ਆਸਮਾਨ ਹੇਠ ਪਈ ਕਰੋੜਾਂ ਰੁਪਏ ਦੀ ਕਣਕ ਮੀਂਹ ਨਾਲ ਭਿੱਜਦੀ ਰਹੀ। ਆਲਮ ਇਹ ਸੀ ਕਿ ਮੀਂਹ ਤੋਂ ਬਚਾਅ ਦੇ ਪ੍ਰਬੰਧਾਂ ਲਈ ਤਿਰਪਾਲਾਂ ਤੱਕ ਮੰਡੀ ’ਚ ਮੌਜੂਦ ਨਹੀਂ ਸਨ। ਉਧਰ ਮਹਿਕਮਾ ਮੰਡੀ ਬੋਰਡ ਦੀ ਲਾਪਰਵਾਹੀ ਉਸ ਵੇਲੇ ਸਾਫ ਨਜ਼ਰ ਆਈ ਜਦੋਂ ਫਿਰੋਜ਼ਪੁਰ ਸ਼ਹਿਰ ਦੀ ਮੰਡੀ ਵਿਚ ਸਮੇਂ ਸਮੇਂ ’ਤੇ ਬਿਨਾਂ ਇਜਾਜ਼ਤ ਤੋਂ ਹੁੰਦੇ ਗੈਰ-ਕਨੂੰਨੀ ਸਿਆਸੀ, ਧਾਰਮਿਕ ਤੇ ਨਿੱਜੀ ਸਮਾਗਮਾਂ ਕਾਰਣ ਜਗ੍ਹਾ-ਜਗ੍ਹਾ ਤੋਂ ਪੁੱਟੀ ਜਗ੍ਹਾ ’ਤੇ ਖੜ੍ਹੇ ਪਾਣੀ ਕਾਰਣ ਬੋਰੀਆਂ ਪਾਣੀਂ ’ਚ ਭਿੱਜੀਆਂ ਨਜ਼ਰ ਆਈਆਂ। ਇਸ ਦੇ ਨਾਲ ਮਹਿਕਮਾ ਮਾਰਕਫੈੱਡ ਸਮੇਤ ਦੂਜੀਆਂ ਏਜੰਸੀਆਂ ਦੀ ਲਾਪਰਵਾਹੀ ਵੀ ਸਾਫ ਨਜ਼ਰ ਆਈ। ਜ਼ਿਕਰਯੋਗ ਹੈ ਕਿ ਮਾਰਕਫੈੱਡ ਸਮੇਤ ਕਈ ਸਰਕਾਰੀ ਏਜੰਸੀਆਂ ਵੱਲੋਂ ਮੰਡੀ ’ਚ ਖਰੀਦ ਤਾਂ ਜ਼ੋਰਾਂ ਨਾਲ ਕੀਤੀ ਗਈ, ਪਰ ਸੰਭਾਲ ਲਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਗਏ। ਨਤੀਜੇ ਵਜੋਂ ਹਜ਼ਾਰਾਂ ਬੋਰੀਆਂ ਮੰਡੀਆਂ ’ਚ ਖੁੱਲ੍ਹੇ ਆਸਮਾਨ ਹੇਠ ਪਈਆਂ ਰਹੀਆਂ ਅਤੇ ਮੀਂਹ ਦਾ ਪਾਣੀ ਉਨ੍ਹਾਂ ’ਚ ਵੜਦਾ ਰਿਹਾ। ਮੌਕੇ ’ਤੇ ਨਾ ਕੋਈ ਅਧਿਕਾਰੀ ਪਹੁੰਚਿਆ ਤੇ ਨਾ ਹੀ ਕਿਸੇ ਕਰਮਚਾਰੀ ਨੇ ਹਾਲਾਤ ਸੰਭਾਲਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲੇਬਰ ਦੇ ਕੁੱਝ ਲੋਕ ਖੜ੍ਹੇ ਪਾਣੀ ’ਚੋਂ ਸੁੱਕੇ ਥਾਂ ’ਤੇ ਬੋਰੀਆਂ ਨੂੰ ਸ਼ਿਫਟ ਕਰਨ ਦੀ ਕੋਸ਼ਿਸ਼ ਕਰਦੇ ਵੇਖੇ ਗਏ। ਸਥਾਨਕ ਲੇਬਰ ਤੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਖਰੀਦ ਤਾ ਪੂਰੀ ਹੋ ਚੁੱਕੀ ਹੈ ਪਰ ਫਸਲ ਨੂੰ ਬਚਾਉਣ ਲਈ ਪੱਕੇ ਪ੍ਰਬੰਧ ਨਹੀਂ ਕੀਤੇ ਗਏ। ਕੁਝ ਥਾਵਾਂ ’ਤੇ ਆੜ੍ਹਤੀਆਂ ਨੇ ਆਪਣੇ ਪੱਧਰ ’ਤੇ ਤਰਪਾਲਾਂ ਪਾਈਆਂ ਪਰ ਵੱਡੀ ਮਾਤਰਾ ਦੇ ਅੱਗੇ ਇਹ ਉਪਰਾਲੇ ਨਾ ਕਾਫ਼ੀ ਸਾਬਤ ਹੋਏ। ਬਾਕਸ-- ਲਿਫਟਿੰਗ ਨੂੰ ਉਡੀਕਦੀ ਕਣਕ ਭਿੱਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਅੰਕੜਿਆਂ ਅਨੁਸਾਰ ਹੁਣ ਤੱਕ 7,83,616 ਮੀਟਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ’ਚੋਂ 7,57,572 ਮੀਟਰਿਕ ਟਨ (97%) ਦੀ ਖਰੀਦ ਕੀਤੀ ਜਾ ਚੁੱਕੀ ਹੈ। ਖਰੀਦ ’ਚ ਪਨਗ੍ਰੇਨ ਨੇ 2,34,913 ਮੀਟਰਿਕ ਟਨ, ਮਾਰਕਫੈੱਡ ਨੇ 2,02,498 ਮੀਟਰਿਕ ਟਨ, ਪਨਸਪ ਨੇ 1,95,294 ਮੀਟਰਿਕ ਟਨ ਤੇ ਪੰਜਾਬ ਰਾਜ ਗੋਦਾਮ ਨਿਗਮ ਨੇ 1,24,867 ਮੀਟਰਿਕ ਟਨ ਕਣਕ ਖਰੀਦੀ ਹੈ। ਵਿਭਾਗੀ ਸੂਤਰਾਂ ਅਨੁਸਾਰ ਖਰੀਦੀ ਗਈ ਕਣਕ ’ਚੋਂ 3,68,237 ਮੀਟਰਿਕ ਟਨ (52%) ਕਣਕ ਦੀ ਹੀ ਲਿਫਟਿੰਗ ਹੋਈ ਹੈ, ਜਦਕਿ ਲੱਗਭਗ 48 ਫੀਸਦੀ ਕਣਕ ਅਜੇ ਵੀ ਮੰਡੀਆਂ ’ਚ ਪਈ ਹੈ।