ਭੁਪੇਸ਼ ਬਘੇਲ ਦੀ ਰਿਪੋਰਟ ਤੇ ਰਾਹੁਲ ਗਾਂਧੀ ਜਲਦੀ ਹੀ ਪੰਜਾਬ ਨੂੰ ਦੇਣਗੇ ਪਾਰਟੀ ਵੱਲੋਂ ਸਹਾਇਤਾ : ਜੌੜਾ
ਭੁਪੇਸ਼ ਬਘੇਲ ਦੀ ਰਿਪੋਰ਼ਟ ਤੇ ਰਾਹੁਲ ਗਾਂਧੀ ਜਲਦੀ ਹੀ ਪੰਜਾਬ ਨੂੰ ਦੇਣਗੇ ਪਾਰਟੀ ਵੱਲੋਂ ਸਹਾਇਤਾ: ਸੁਰਿੰਦਰ ਜੌੜਾ
Publish Date: Sun, 07 Sep 2025 03:31 PM (IST)
Updated Date: Sun, 07 Sep 2025 03:31 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਜੌੜਾ ਨੇ ਕਿਹਾ ਕਿ ਸੂਬੇ ਵਿਚ ਆਏ ਹੜ੍ਹ ਕਾਰਨ ਵੱਡੀ ਤਬਾਹੀ ਹੋਈ ਹੈ। ਲੋਕਾਂ ਦੇ ਘਰ ਤਬਾਹ ਹੋਏ ਹਨ, ਖੇਤਾਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ ਅਤੇ ਕਈ ਪਰਿਵਾਰ ਬੇਘਰ ਹੋ ਗਏ ਹਨ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਕਾਂਗਰਸ ਦੇ ਕਈ ਸਿਨੀਅਰ ਆਗੂ ਭੁਪੇਸ਼ ਬਘੇਲ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਚੁੱਕੇ ਹਨ। ਜੌੜਾ ਨੇ ਕਿਹਾ ਕਿ ਇਹ ਦੌਰੇ ਸਿਰਫ਼ ਲੋਕਾਂ ਨੂੰ ਹੌਂਸਲਾ ਦੇਣ ਲਈ ਨਹੀਂ ਸਗੋਂ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਅਤੇ ਉਨ੍ਹਾਂ ਦੀ ਆਵਾਜ਼ ਉੱਚੇ ਪੱਧਰ ਤੱਕ ਪਹੁੰਚਾਉਣ ਲਈ ਕੀਤੇ ਗਏ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਕੁੱਲ ਹਿੰਦ ਕਾਂਗਰਸ ਦੇ ਨੇਤਾ ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਜਲਦੀ ਹੀ ਇਹ ਮਾਮਲਾ ਉਠਾਉਣਗੇ ਅਤੇ ਪੰਜਾਬ ਲਈ ਪਾਰਟੀ ਵੱਲੋਂ ਖਾਸ ਸਹਾਇਤਾ ਦਾ ਐਲਾਨ ਹੋਵੇਗਾ। ਉਨ੍ਹਾ ਦੱਸਿਆ ਕਿ ਦੌਰੇ ਦੌਰਾਨ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਲੋਕਾਂ ਵੱਲੋਂ ਖ਼ਾਸ ਪਿਆਰ ਮਿਲਿਆ। ਜੌੜਾ ਨੇ ਕਿਹਾ ਕਿ ਚੰਨੀ ਹਮੇਸ਼ਾਂ ਗਰੀਬਾਂ ਅਤੇ ਪਿੱਛੜੇ ਵਰਗਾਂ ਦੀ ਆਵਾਜ਼ ਰਹੇ ਹਨ, ਇਸੇ ਕਰਕੇ ਪ੍ਰਭਾਵਿਤ ਪਰਿਵਾਰ ਉਨ੍ਹਾਂ ਨੂੰ ਆਪਣੇ ਵਿਚਕਾਰ ਦੇਖ ਕੇ ਉਤਸ਼ਾਹਤ ਹੋਏ। ਜੌੜਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਸੂਬੇ ਦੇ ਹਰ ਹਿੱਸੇ ਵਿਚ ਮੱਦਦ ਲਈ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਖ਼ਾਸ ਕਰਕੇ ਧਰਮਕੋਟ ਅਤੇ ਜ਼ੀਰਾ ਹਲਕਿਆਂ ਵਿਚ ਬੇਘਰ ਪਰਿਵਾਰਾਂ ਦੀ ਸਹਾਇਤਾ ਲਈ ਵਰਕਰ ਰੋਜ਼ਾਨਾ ਮੈਦਾਨ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿੱਟੀ ਲੋਕਾਂ ਨੂੰ ਹਮੇਸ਼ਾਂ ਜੋੜਦੀ ਹੈ ਅਤੇ ਇਸ ਵਾਰ ਵੀ ਸਾਂਝੇ ਜਜ਼ਬੇ ਨਾਲ ਹੀ ਲੋਕ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ। ਕਾਂਗਰਸ ਇਸ ਇਕੱਠ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਕੇਂਦਰ ਸਰਕਾਰ ਤੋਂ ਵੱਡੇ ਰਾਹਤ ਪੈਕੇਜ ਦੀ ਮੰਗ ਕਰੇਗੀ।