ਅਰਪਨਪ੍ਰੀਤ ਕੌਰ ਬਲਾਕ ਅਰਨੀਵਾਲਾ ’ਚੋਂ ਅੱਵਲ
ਰੇਡੀਐਂਟ ਪਬਲਿਕ ਸਕੂਲ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Sun, 17 May 2026 05:26 PM (IST)
Updated Date: Sun, 17 May 2026 05:27 PM (IST)

ਨਵਜੋਤ ਸਿੰਘ.ਪੰਜਾਬੀ ਜਾਗਰਣ ਮੰਡੀ ਅਰਨੀਵਾਲਾ : ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਰੇਡੀਐਂਟ ਪਬਲਿਕ ਸਕੂਲ ਦਾ ਬਾਰਵੀਂ ਜਮਾਤ ਦਾ ਨਤੀਜਾ ਇਸ ਸਾਲ ਬੇਹੱਦ ਸ਼ਾਨਦਾਰ ਰਿਹਾ। ਸਕੂਲ ਦੇ ਵਿਦਿਆਰਥੀਆਂ ਨੇ ਨਾ ਸਿਰਫ਼ ਉੱਚ ਅੰਕ ਪ੍ਰਾਪਤ ਕੀਤੇ, ਸਗੋਂ ਪੂਰੇ ਬਲਾਕ ਅਰਨੀਵਾਲਾ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਸਕੂਲ ਦੀ ਹੋਣਹਾਰ ਵਿਦਿਆਰਥਣ ਅਰਪਨਪ੍ਰੀਤ ਕੌਰ ਨੇ 96 ਫੀਸਦੀ ਅੰਕ ਪ੍ਰਾਪਤ ਕਰਕੇ ਬਲਾਕ ਅਰਨੀਵਾਲਾ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਉਪਲਬਧੀ ਨਾਲ ਸਕੂਲ, ਮਾਪਿਆਂ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਤੋਂ ਇਲਾਵਾ ਦੇਵਾਂਸ਼ੀ ਢਾਕਾ ਨੇ 91 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਜਯਾ ਕੰਬੋਜ ਨੇ 90.2 ਫੀਸਦੀ ਅੰਕ ਲੈ ਕੇ ਆਪਣੀ ਕਾਬਲੀਅਤ ਸਾਬਤ ਕੀਤੀ। ਸਕੂਲ ਦੇ ਸਾਰੇ ਵਿਦਿਆਰਥੀਆਂ ਦੇ ਨਤੀਜੇ ਕਾਬਿਲ-ਏ-ਤਾਰੀਫ਼ ਰਹੇ ਅਤੇ ਹਰ ਵਿਦਿਆਰਥੀ ਨੇ ਪਹਿਲੀ ਡਿਵੀਜ਼ਨ ਨਾਲ ਪਰੀਖਿਆ ਪਾਸ ਕੀਤੀ। ਨਤੀਜਿਆਂ ਦੀ ਘੋਸ਼ਣਾ ਤੋਂ ਬਾਅਦ ਸਕੂਲ ਕੈਂਪਸ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਵਿਦਿਆਰਥੀਆਂ ਨੇ ਇੱਕ-ਦੂਜੇ ਨੂੰ ਮਿੱਠਾਈਆਂ ਖਵਾਈਆਂ ਅਤੇ ਆਪਣੇ ਅਧਿਆਪਕਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਵੀ ਸਕੂਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਜਿੱਥੇ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਬਲਾਕ ਅਰਨੀਵਾਲਾ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ। ਸਕੂਲ ਦੇ ਐਗਜ਼ਿਕਿਊਟਿਵ ਡਾਇਰੈਕਟਰ ਡਾ. ਪੰਕਜ ਧਮੀਜਾ ਨੇ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਲਗਨ, ਮਾਪਿਆਂ ਦੇ ਸਹਿਯੋਗ ਅਤੇ ਅਧਿਆਪਕਾਂ ਦੀ ਸਮਰਪਿਤ ਮਿਹਨਤ ਦਾ ਨਤੀਜਾ ਹਨ। ਪ੍ਰਿੰਸੀਪਲ ਨੀਤੀ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੂਰੇ ਸਾਲ ਦੌਰਾਨ ਕੀਤੀ ਮਿਹਨਤ ਦਾ ਫਲ ਅੱਜ ਸਭ ਦੇ ਸਾਹਮਣੇ ਹੈ।ਅਕਾਦਮਿਕ ਮੁਖੀ ਡਾ. ਗੁਰਵੀਨ ਕੌਰ ਨੇ ਕਿਹਾ ਕਿ ਸਕੂਲ ਦੀ ਸੁਚੱਜੀ ਅਕਾਦਮਿਕ ਯੋਜਨਾ ਅਤੇ ਵਿਦਿਆਰਥੀਆਂ ਦੀ ਨਿਰੰਤਰ ਮਿਹਨਤ ਨੇ ਇਹ ਸਫਲਤਾ ਸੰਭਵ ਬਣਾਈ ਹੈ। ਉਨ੍ਹਾਂ ਕਿਹਾ ਕਿ ਆਤਮਵਿਸ਼ਵਾਸ, ਸਮੇਂ ਦੀ ਪਾਬੰਦੀ ਅਤੇ ਸਕਾਰਾਤਮਕ ਸੋਚ ਵਿਦਿਆਰਥੀਆਂ ਦੀ ਸਫਲਤਾ ਲਈ ਬਹੁਤ ਜ਼ਰੂਰੀ ਹਨ। ਸੀਨੀਅਰ ਵਿੰਗ ਕੋ-ਆਰਡੀਨੇਟਰ ਸੌਰਵ ਕੁੱਬਾ ਨੇ ਕਿਹਾ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰ ਚੰਗਾ ਤਾਲਮੇਲ ਹੀ ਸਫਲਤਾ ਦੀ ਕੁੰਜੀ ਹੁੰਦਾ ਹੈ। ਉਨ੍ਹਾਂ ਸਾਰੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਰ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ।ਸਕੂਲ ਦੇ ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨੇ ਵੀ ਵਿਦਿਆਰਥੀਆਂ ਦੀ ਇਸ ਉਪਲਬਧੀ ‘ਤੇ ਖੁਸ਼ੀ ਪ੍ਰਗਟ ਕੀਤੀ, ਜਦਕਿ ਮਾਪਿਆਂ ਨੇ ਸਕੂਲ ਪ੍ਰਬੰਧਨ ਅਤੇ ਅਧਿਆਪਕਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ।