ਜਲ ਹੀ ਜੀਵਨ ਹੈ, ਪਰ ਜੇ ਪਾਣੀ ਹੀ ਪ੍ਰਦੂਸ਼ਿਤ ਹੋਵੇ ਤਾਂ ਜੀਵਨ ਕਿਵੇਂ ਬਚੇਗਾ
ਪੰਜਾਬ ਦਾ ਪਾਣੀ ਬਣ ਰਿਹਾ ਜ਼ਹਿਰ!
Publish Date: Fri, 03 Apr 2026 04:23 PM (IST)
Updated Date: Fri, 03 Apr 2026 04:25 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ, ਜ਼ੀਰਾ : ਪੰਜਾਬ ਵਿਚ ਪੀਣ ਵਾਲੇ ਪਾਣੀ ਦੀ ਲਗਾਤਾਰ ਗਿਰਦੀ ਗੁਣਵੱਤਾ ਨੂੰ ਲੈ ਕੇ ਚਿੰਤਾ ਵੱਧਦੀ ਜਾ ਰਹੀ ਹੈ। ਇਸ ਸੰਵੇਦਨਸ਼ੀਲ ਮਸਲੇ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਜੋੜਾ ਨੇ ਗੰਭੀਰ ਚਿੰਤਾ ਜਤਾਉਂਦੇ ਹੋਏ ਸਰਕਾਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਕ ਸਰਵੇ ਰਿਪੋਰਟ ਮੁਤਾਬਕ ਚਾਰ ਸਾਲ ਪਹਿਲਾਂ ਪੰਜਾਬ ਦੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਕਰੀਬ 24 ਫੀਸਦੀ ਸੀ, ਜੋ ਹੁਣ ਵੱਧ ਕੇ 62 ਫੀਸਦੀ ਤੱਕ ਪਹੁੰਚ ਗਈ ਹੈ। ਇਹ ਵਾਧਾ ਨਾ ਸਿਰਫ਼ ਹੈਰਾਨ ਕਰਨ ਵਾਲਾ ਹੈ, ਸਗੋਂ ਲੋਕਾਂ ਦੀ ਸਿਹਤ ਲਈ ਵੱਡਾ ਖਤਰਾ ਵੀ ਬਣ ਚੁੱਕਾ ਹੈ। ਸੁਰਿੰਦਰ ਜੋੜਾ ਨੇ ਦੱਸਿਆ ਕਿ ਲੁਧਿਆਣਾ ਸਮੇਤ ਕਈ ਉਦਯੋਗਿਕ ਸ਼ਹਿਰਾਂ ਤੋਂ ਨਿਕਲਣ ਵਾਲਾ ਫੈਕਟਰੀਆਂ ਦਾ ਗੰਦਲਾ ਪਾਣੀ ਬੁੱਢੇ ਦਰਿਆ ਵਿਚ ਮਿਲ ਰਿਹਾ ਹੈ, ਜਿਸ ਨਾਲ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਦੇ ਨਤੀਜੇ ਵਜੋਂ ਲੋਕਾਂ ਵਿਚ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਈ ਜ਼ਿਲ੍ਹਿਆਂ ਵਿਚ ਪ੍ਰਦੂਸ਼ਿਤ ਪਾਣੀ ਦੇ ਪ੍ਰਭਾਵ ਕਾਰਨ ਨੌਜਵਾਨਾਂ ਵਿਚ ਗੰਭੀਰ ਸਿਹਤ ਸਮੱਸਿਆਵਾਂ ਵੱਧ ਰਹੀਆਂ ਹਨ। ਇੱਥੋਂ ਤੱਕ ਕਿ ਕੁਝ ਥਾਵਾਂ ’ਤੇ ਜਨਮ ਲੈਣ ਵਾਲੇ ਬੱਚਿਆਂ ਵਿਚ ਵੀ ਸਿਹਤ ਸੰਬੰਧੀ ਚੁਣੌਤੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜੋ ਕਿ ਬਹੁਤ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਹੋਰ ਮਸਲਿਆਂ ਦੇ ਨਾਲ ਨਾਲ ਪਾਣੀ ਦੀ ਸ਼ੁੱਧਤਾ ਵੱਲ ਵੀ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਇਹ ਬਾਬੇ ਨਾਨਕ ਦੀ ਪਵਿੱਤਰ ਧਰਤੀ ਹੈ, ਜਿਸਨੂੰ ਸਾਫ ਸੁਥਰਾ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ, ਪਰ ਅਸੀਂ ਇਸਨੂੰ ਖੁਦ ਪ੍ਰਦੂਸ਼ਿਤ ਕਰ ਦਿੱਤਾ ਹੈ। ਉਨ੍ਹਾਂ ਨੇ ਬਠਿੰਡਾ ਤੋਂ ਜੋਧਪੁਰ ਜਾਣ ਵਾਲੀ ਮਸ਼ਹੂਰ “ਕੈਂਸਰ ਟ੍ਰੇਨ” ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਸਥਿਤੀ ਦੀ ਭਿਆਨਕਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਇਸ ਗੰਭੀਰ ਮਸਲੇ ‘ਤੇ ਤੁਰੰਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ, ਨਹੀਂ ਤਾਂ ਇਹ ਸੰਕਟ ਪੂਰੇ ਪੰਜਾਬ ਲਈ ਵੱਡੀ ਆਫ਼ਤ ਸਾਬਤ ਹੋ ਸਕਦਾ ਹੈ। ਅੰਤ ਵਿੱਚ ਸੁਰਿੰਦਰ ਸਿੰਘ ਜੋੜਾ ਨੇ ਕਿਹਾ, ਜਲ ਹੀ ਜੀਵਨ ਹੈ, ਜੇ ਪਾਣੀ ਹੀ ਸ਼ੁੱਧ ਨਾ ਰਹੇ ਤਾਂ ਜੀਵਨ ਕਿਵੇਂ ਬਚੇਗਾ? ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਇਸ ਮਸਲੇ ਨੂੰ ਸਭ ਤੋਂ ਵੱਧ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਜੀਵਨ ਮਿਲ ਸਕੇ।