ਪਿੰਡਾਂ ਦੀ ਸਾਂਝ, ਸੱਭਿਆਚਾਰ ਤੇ ਖੇਤੀਬਾੜੀ ਨੂੰ ਬਚਾਉਣਾ ਜ਼ਰੂਰੀ
ਪਿੰਡਾਂ ਦੀ ਮਿੱਟੀ ਵਿੱਚੋਂ ਮਿੱਟ ਰਹੀ ਪੰਜਾਬੀਅਤ
Publish Date: Wed, 13 May 2026 03:30 PM (IST)
Updated Date: Wed, 13 May 2026 03:33 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਪੰਜਾਬ ਦੇ ਪਿੰਡ, ਜੋ ਕਦੇ ਪਿਆਰ, ਸਾਂਝ, ਸਾਦਗੀ ਅਤੇ ਮਨੁੱਖੀ ਰਿਸ਼ਤਿਆਂ ਦੀ ਅਟੁੱਟ ਡੋਰ ਵਜੋਂ ਜਾਣੇ ਜਾਂਦੇ ਸਨ, ਅੱਜ ਸਮੇਂ ਦੇ ਬਦਲਦੇ ਦੌਰ ਵਿੱਚ ਆਪਣੀ ਅਸਲੀ ਪਹਿਚਾਣ ਗੁਆਉਂਦੇ ਨਜ਼ਰ ਆ ਰਹੇ ਹਨ। ਵਧਦਾ ਸ਼ਹਿਰੀਕਰਨ, ਵਿਦੇਸ਼ਾਂ ਵੱਲ ਹੋ ਰਿਹਾ ਪਰਵਾਸ, ਮਸ਼ੀਨੀਕਰਨ ਅਤੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਕਾਰਨ ਪੇਂਡੂ ਜੀਵਨ ਦੀ ਰੂਹ ਹੌਲੀ-ਹੌਲੀ ਕਮਜ਼ੋਰ ਪੈਂਦੀ ਜਾ ਰਹੀ ਹੈ। ਇਸ ਗੰਭੀਰ ਸਮਾਜਿਕ ਮਸਲੇ ਨੂੰ ਲੈ ਕੇ ਪ੍ਰਮੁੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਪਿੰਡਾਂ ਦੀ ਬਦਲਦੀ ਤਸਵੀਰ ’ਤੇ ਡੂੰਘੀ ਚਿੰਤਾ ਜਤਾਈ ਗਈ। ਅੰਤ ਵਿਚ ਸਮਾਜ ਸੇਵੀ ਆਗੂਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਪਿੰਡ ਸਿਰਫ਼ ਘਰਾਂ ਦਾ ਸਮੂਹ ਨਹੀਂ, ਸਗੋਂ ਪੰਜਾਬ ਦੀ ਰੂਹ ਅਤੇ ਪੰਜਾਬੀਅਤ ਦੀ ਅਸਲੀ ਪਛਾਣ ਹਨ। ਜੇਕਰ ਪਿੰਡਾਂ ਦੀ ਸਾਂਝ, ਸਾਦਗੀ ਅਤੇ ਮਨੁੱਖੀ ਰਿਸ਼ਤੇ ਮਿਟ ਗਏ ਤਾਂ ਪੰਜਾਬ ਦੀ ਸੰਸਕ੍ਰਿਤਕ ਵਿਰਾਸਤ ਨੂੰ ਵੱਡਾ ਨੁਕਸਾਨ ਪਹੁੰਚੇਗਾ। ਉਨ੍ਹਾਂ ਸਮਾਜ ਅਤੇ ਸਰਕਾਰ ਨੂੰ ਸਾਂਝੇ ਤੌਰ ’ਤੇ ਅੱਗੇ ਆ ਕੇ ਪੇਂਡੂ ਜੀਵਨ ਨੂੰ ਮੁੜ ਸੁਰਜੀਤ ਕਰਨ ਦੀ ਅਪੀਲ ਕੀਤੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੀਆਂ ਜੜ੍ਹਾਂ ਨਾਲ ਜੁੜੀਆਂ ਰਹਿ ਸਕਣ। ਮੋਬਾਈਲਾਂ ਨੇ ਘਟਾਇਆ ਆਪਸੀ ਮੇਲ-ਜੋਲ : ਗਿੱਲ ਸਹਾਰਾ ਕਲੱਬ ਦੇ ਪ੍ਰਧਾਨ ਅਤੇ ਸੇਵਾ ਮੁਕਤ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਪਿੰਡਾਂ ਵਿੱਚ ਹਰ ਘਰ ਇੱਕ ਪਰਿਵਾਰ ਵਾਂਗ ਮਹਿਸੂਸ ਹੁੰਦਾ ਸੀ। ਲੋਕ ਇਕ-ਦੂਜੇ ਦੇ ਦੁੱਖ-ਸੁੱਖ ਵਿੱਚ ਬਿਨਾਂ ਸੱਦੇ ਸ਼ਾਮਲ ਹੁੰਦੇ ਸਨ ਅਤੇ ਵਿਆਹਾਂ, ਮੇਲਿਆਂ ਤੇ ਖੇਤੀਬਾੜੀ ਦੇ ਕੰਮਾਂ ਵਿਚ ਪੂਰਾ ਪਿੰਡ ਇਕੱਠਾ ਹੋ ਕੇ ਸਾਂਝ ਦਾ ਸੁੰਦਰ ਮਾਹੌਲ ਬਣਾਉਂਦਾ ਸੀ। ਪਰ ਅੱਜ ਦੀ ਭੱਜਦੌੜ ਭਰੀ ਜ਼ਿੰਦਗੀ ਅਤੇ ਮੋਬਾਈਲ ਫੋਨਾਂ ਦੀ ਦੁਨੀਆ ਨੇ ਮਨੁੱਖ ਨੂੰ ਆਪਣੇ ਹੀ ਘਰਾਂ ਤੱਕ ਸੀਮਤ ਕਰ ਦਿੱਤਾ ਹੈ। ਨੌਜਵਾਨਾਂ ਦਾ ਪਰਵਾਸ ਵੱਡੀ ਚੁਣੌਤੀ : ਜਗਦੇਵ ਸ਼ਰਮਾ ਸੇਵਾ ਮੁਕਤ ਹੈੱਡ ਮਾਸਟਰ ਜਗਦੇਵ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਵੀਂ ਪੀੜ੍ਹੀ ਖੇਤੀਬਾੜੀ ਨੂੰ ਛੱਡ ਕੇ ਵਿਦੇਸ਼ਾਂ ਅਤੇ ਵੱਡੇ ਸ਼ਹਿਰਾਂ ਵੱਲ ਰੁਖ ਕਰ ਰਹੀ ਹੈ। ਇਸ ਕਾਰਨ ਪਿੰਡਾਂ ਵਿਚ ਸਿਰਫ਼ ਬਜ਼ੁਰਗ ਅਤੇ ਬੱਚੇ ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਆਪਣੀਆਂ ਜੜ੍ਹਾਂ ਤੋਂ ਟੁੱਟਦੇ ਰਹੇ ਤਾਂ ਪੰਜਾਬ ਦੀ ਅਸਲੀ ਪਹਿਚਾਣ ਵੀ ਹੌਲੀ-ਹੌਲੀ ਖਤਮ ਹੋ ਜਾਵੇਗੀ। ਸੱਥਾਂ, ਖੇਡ ਮੇਲੇ ਤੇ ਸੱਭਿਆਚਾਰਕ ਰਿਵਾਜ ਹੀ ਪੰਜਾਬੀਅਤ ਦੀ ਅਸਲੀ ਰੂਹ : ਜਸਵਿੰਦਰ ਖਾਲਸਾ ਸਮਾਜ ਸੇਵੀ ਆਗੂ ਜਸਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਪਿੰਡਾਂ ਦੀਆਂ ਸੱਥਾਂ, ਖੂਹ, ਚਰਾਗਾਹਾਂ ਅਤੇ ਸਾਂਝੇ ਪਰਿਵਾਰ ਸਿਰਫ਼ ਰਿਵਾਜ ਨਹੀਂ ਸਨ, ਸਗੋਂ ਇਹ ਪੰਜਾਬੀ ਸੱਭਿਆਚਾਰ ਦੀ ਜੀਵੰਤ ਤਸਵੀਰ ਸਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸੱਭਿਆਚਾਰਕ ਸਮਾਗਮਾਂ, ਖੇਡ ਮੇਲਿਆਂ ਅਤੇ ਸਮਾਜਿਕ ਗਤੀਵਿਧੀਆਂ ਨੂੰ ਮੁੜ ਜਗਾਉਣ ਦੀ ਲੋੜ ਹੈ ਤਾਂ ਜੋ ਲੋਕਾਂ ਵਿੱਚ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਮੁੜ ਮਜ਼ਬੂਤ ਹੋ ਸਕੇ। ਰੁਜ਼ਗਾਰ ਤੇ ਆਧੁਨਿਕ ਖੇਤੀਬਾੜੀ ਨਾਲ ਹੀ ਨੌਜਵਾਨ ਮੁੜ ਪਿੰਡਾਂ ਵੱਲ ਆਉਣਗੇ : ਅਸ਼ਵਨੀ ਗੌੜ ਸਮਾਜ ਸੇਵੀ ਅਸ਼ਵਨੀ ਗੌੜ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਸਮਾਜ ਨੇ ਮਿਲ ਕੇ ਪੇਂਡੂ ਖੇਤਰਾਂ ਵਿੱਚ ਚੰਗੀ ਸਿੱਖਿਆ, ਸਿਹਤ ਸਹੂਲਤਾਂ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਵਿਚ ਪਿੰਡ ਸਿਰਫ਼ ਨਕਸ਼ਿਆਂ ਤੱਕ ਹੀ ਸੀਮਤ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨਾਲੋਜੀ ਨਾਲ ਖੇਤੀਬਾੜੀ ਨੂੰ ਲਾਭਕਾਰੀ ਅਤੇ ਆਕਰਸ਼ਕ ਬਣਾਕੇ ਨੌਜਵਾਨਾਂ ਨੂੰ ਮੁੜ ਪਿੰਡਾਂ ਨਾਲ ਜੋੜਿਆ ਜਾ ਸਕਦਾ ਹੈ।