ਬਿਨ੍ਹਾ ਗਿਰਦਾਵਰੀ ਮੁਆਵਜ਼ੇ ਸਮੇਤ ਕਣਕ ਦਾ ਮੁਫਤ ਬੀਜ ਤੇ ਖਾਦ ਮੁਹੱਈਆ ਕਰਵਾਏ ਸੂਬਾ ਸਰਕਾਰ : ਰਾਣਾ ਸੋਢੀ
ਬਿਨ੍ਹਾ ਗਿਰਦਾਵਰੀ ਕਰਵਾਏ ਕਿਸਾਨਾਂ ਨੂੰ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਸਮੇਤ ਕਣਕ ਦਾ ਮੁਫਤ ਬੀਜ
Publish Date: Fri, 05 Sep 2025 04:53 PM (IST)
Updated Date: Fri, 05 Sep 2025 04:55 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਡਾ. ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਸਰਕਾਰ ’ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਸ ਸਮੇਂ ਪੰਜਾਬ ਸੰਕਟ ਦੀ ਘੜੀ ’ਚੋਂ ਲੰਘ ਰਿਹਾ ਹੈ। ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਪੰਜਾਬ ਦੀ ਕੋਈ ਫ਼ਿਕਰ ਨਹੀਂ ਹੈ। ਰਾਣਾ ਸੋਢੀ ਨੇ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਪਾਣੀ ’ਚ ਡੁੱਬ ਕੇ ਖਰਾਬ ਹੋ ਚੁੱਕੀਆਂ ਹਨ ਅਤੇ ਕਾਫ਼ੀ ਖੇਤੀ ਵਾਲੀ ਜ਼ਮੀਨ ਸਤਲੁਜ ਵਿਚ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੜ੍ਹ ਅਤੇ ਬਰਸਾਤ ਦੇ ਪਾਣੀ ਨਾਲ ਕਈ ਲੋਕਾਂ ਦੇ ਘਰ ਟੁੱਟ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਤੱਕ ਲੋਕਾਂ ਦੀ ਭਲਾਈ ’ਚ ਨਾਕਾਮ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਬਿਨ੍ਹਾ ਗਿਰਦਾਵਰੀ ਕਰਵਾਏ ਹਰੇਕ ਕਿਸਾਨ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਆਉਣ ਵਾਲੀ ਫ਼ਸਲ ਲਈ ਕਣਕ ਦਾ ਫਰੀ ਬੀਜ ਅਤੇ ਖਾਦ ਮੁਹੱਈਆ ਕਰਵਾਏ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਜੇ ਤੋਂ ਹੀ ਕਣਕ ਦੇ ਬੀਜ ਦਾ ਪ੍ਰਬੰਧ ਕਰੇ ਤਾਂ ਜੋ ਕਿਸਾਨਾਂ ਨੂੰ ਆਉਣ ਵਾਲੀ ਫ਼ਸਲ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਵੀ ਪੂਰਾ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਨ੍ਹਾਂ ਦੀ ਜ਼ਮੀਨ ਸਤਲੁਜ ਵਿਚ ਮਿਲ ਗਈ ਹੈ, ਉਨ੍ਹਾਂ ਨੂੰ ਜ਼ਮੀਨ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ ਤਾਂ ਜੋ ਭਵਿੱਖ ਵਿਚ ਉਹ ਆਪਣਾ ਘਰ-ਪਰਿਵਾਰ ਖੇਤੀ ਕਰਕੇ ਚਲਾ ਸਕਣ। ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾਂ ਹੀ ਕੇਂਦਰ ਤੋਂ ਰਾਹਤ ਮੰਗ ਰਹੀ ਹੈ ਅਤੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਪੰਜਾਬ ਦੇ ਕਿਸਾਨਾਂ ਦੀ ਮੱਦਦ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਨਾਲ ਵਿਸ਼ੇਸ਼ ਲਗਾਅ ਹੈ। ਰਾਣਾ ਸੋਢੀ ਨੇ ਕਿਹਾ ਕਿ ਫਿਰੋਜ਼ਪੁਰ ਦੇ ਲੋਕ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ ਅਤੇ ਪਹਿਲੇ ਦਿਨ ਤੋਂ ਹੀ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਵੱਲੋਂ ਖੁੱਲ੍ਹੇ ਦਿਲ ਨਾਲ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ। ਰਾਣਾ ਸੋਢੀ ਵੱਲੋਂ ਗੱਟੀ ਰਾਜੋਕੇ, ਜਲੋਕੇ, ਚੂਹੜੀਵਾਲਾ, ਗੱਟੀ ਰਹੀਮੇਕੇ, ਚਾਂਦੀਵਾਲਾ, ਕਮਾਲੇਵਾਲਾ, ਝੁੱਗੇ ਛੀਨਾ ਸਿੰਘ ਵਾਲਾ, ਕਿਲਚੇ, ਪ੍ਰੀਤਮ ਸਿੰਘ ਵਾਲਾ, ਕੁਤਬਦੀਨ ਵਾਲਾ, ਭੂਰੀਆਂ ਵਾਲਾ, ਰੁਕਨੇਵਾਲਾ, ਹਾਮਦ ਚੱਕ, ਬੱਗੇਵਾਲਾ, ਨਿਹਾਲਾ ਲਵੇਰਾ, ਮੁੱਠਿਆਂ ਵਾਲਾ, ਬਸਤੀ ਰਾਮ ਲਾਲ ਸਮੇਤ ਹੋਰ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਕੁਤਬਦੀਨ ’ਚ ਮੋਟਰ ਬੋਟ, ਰੁਕਨੇਵਾਲਾ ’ਚ 31 ਹਜ਼ਾਰ ਰੁਪਏ ਲੰਗਰ ਸੇਵਾ, ਹਾਮਦ ਚੱਕ ’ਚ 31 ਹਜ਼ਾਰ ਲੰਗਰ ਸੇਵਾ, ਬੱਗੇਵਾਲਾ ’ਚ 20 ਹਜ਼ਾਰ ਲੰਗਰ ਸੇਵਾ, ਨਿਹਾਲਾ ਲਵੇਰਾ ਅਤੇ ਧੀਰਾ ਘਾਰਾ ’ਚ 21 ਹਜ਼ਾਰ ਲੰਗਰ ਸੇਵਾ ਦੇ ਨਾਲ ਨਾਲ ਬਸਤੀ ਰਾਮ ਲਾਲ ’ਚ ਡੀਜ਼ਲ ਸਮੇਤ 500 ਤੋਂ ਵੱਧ ਤਿਰਪਾਲ, 500 ਕੁਇੰਟਲ ਤੋਂ ਵੱਧ ਸੁੱਕਾ ਦੁੱਧ, 800 ਕੁਇੰਟਲ ਤੋਂ ਵੱਧ ਕੈਟਲ ਫੀਡ, 3 ਹਜ਼ਾਰ ਪੇਟੀਆਂ ਮਿਨਰਲ ਵਾਟਰ ਉਕਤ ਪਿੰਡਾਂ ਵਿਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਲੰਟੀਅਰਾਂ ਵੱਲੋਂ ਰੋਜ਼ਾਨਾ ਪਿੰਡਾਂ ਵਿੱਚ ਜਾ ਕੇ ਚਾਹ, ਬਿਸਕੁਟ ਅਤੇ ਫਲਾਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ।