ਪੰਜਾਬ ਸਰਕਾਰ ਵਪਾਰੀਆਂ ਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ : ਵਿਧਾਇਕ ਸਵਨਾ
ਪੰਜਾਬ ਸਰਕਾਰ ਵਪਾਰੀਆਂ ਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ: ਵਿਧਾਇਕ ਸਵਨਾ
Publish Date: Fri, 08 May 2026 05:57 PM (IST)
Updated Date: Fri, 08 May 2026 05:59 PM (IST)

ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਹੋਟਲਾ ਬਜ਼ਾਰ ਫਾਜ਼ਿਲਕਾ ਵਿਖੇ ਵਪਾਰੀ ਵਰਗ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਲੋੜੀਂਦੇ ਨਿਰਦੇਸ਼ ਜਾਰੀ ਕੀਤੇ। ਮੀਟਿੰਗ ਦੌਰਾਨ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਬਾਜ਼ਾਰਾਂ ਵਿੱਚ ਪਾਰਕਿੰਗ ਦੀ ਕਮੀ, ਦੁਕਾਨਾਂ ਦੀ ਰਜਿਸਟਰੀ, ਜੀਐਸਟੀ ਨਾਲ ਜੁੜੀਆਂ ਦਿੱਕਤਾਂ ਅਤੇ ਹੋਰ ਸਥਾਨਕ ਮੁੱਦੇ ਵਿਧਾਇਕ ਦੇ ਧਿਆਨ ਵਿੱਚ ਲਿਆਂਦੇ। ਵਿਧਾਇਕ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਤਰਜੀਹੀ ਤੌਰ ‘ਤੇ ਸੁਲਝਾਉਣ ਲਈ ਵਚਨਬੱਧ ਹੈ। ਉਨ੍ਹਾਂ ਵਪਾਰੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਰਕਾਰ ਦੀ ਨਿਵੇਕਲੀ ਪਹਿਲ ਹੈ, ਜਿਸ ਤਹਿਤ ਲੋਕਾਂ ਦੇ ਵਿਚਕਾਰ ਪਹੁੰਚ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾ ਰਹੀਆਂ ਹਨ ਅਤੇ ਮੌਕੇ ‘ਤੇ ਹੱਲ ਲਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਪਾਰੀ ਵਰਗ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਵਿਧਾਇਕ ਸਵਨਾ ਨੇ ਕਿਹਾ ਕਿ ਵਪਾਰੀਆਂ ਦਾ ਪ੍ਰਸ਼ਾਸਨ ਅਤੇ ਵਿਭਾਗਾਂ ਨਾਲ ਤਾਲਮੇਲ ਬਣਿਆ ਰਹਿਣਾ ਵੀ ਜ਼ਰੂਰੀ ਹੈ, ਤਾਂ ਜੋ ਉਹ ਡਰ-ਮੁਕਤ ਮਾਹੌਲ ਵਿੱਚ ਆਪਣੀਆਂ ਸਮੱਸਿਆਵਾਂ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਅੱਗੇ ਰੱਖ ਸਕਣ। ਇਸ ਮੌਕੇ ਮੈਂਬਰ ਪੰਜਾਬ ਵਪਾਰ ਕਮਿਸ਼ਨ ਅਤੇ ਸਟੇਟ ਸਕੱਤਰ ਅਤੁਲ ਨਾਗਪਾਲ, ਚੇਅਰਮੈਨ ਜ਼ਿਲ੍ਹਾ ਟਰੇਡਜ਼ ਕਮਿਸ਼ਨ ਫਾਜ਼ਿਲਕਾ ਅਨੁਰਾਜ ਅਹੂਜਾ ਅਤੇ ਚੇਅਰਮੈਨ ਵਿਧਾਨ ਸਭਾ ਹਲਕਾ ਫਾਜ਼ਿਲਕਾ ਟਰੇਡਜ਼ ਕਮਿਸ਼ਨ ਲਵਿਸ਼ ਚਾਵਲਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜੋ ਵਪਾਰੀ ਵਰਗ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣ ਰਹੀ ਹੈ। ਉਨ੍ਹਾਂ ਦੱਸਿਆ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਟੇਟ, ਜ਼ਿਲ੍ਹਾ ਅਤੇ ਵਿਧਾਨ ਸਭਾ ਪੱਧਰ ‘ਤੇ ਕਮੇਟੀਆਂ ਬਣਾਈਆਂ ਗਈਆਂ ਹਨ, ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ।