ਹਾਲ ਹੀ ਵਿਚ ਆਏ ਹੜ੍ਹਾਂ ਨੇ ਪੰਜਾਬ ਦੀ ਭੂਗੋਲਿਕ ਸਥਿਤੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਦਰਿਆਵਾਂ ਦੇ ਕਿਨਾਰੇ ਟੁੱਟਣ ਅਤੇ ਭਾਰੀ ਬਾਰਸ਼ ਕਾਰਨ ਪੰਜਾਬ ਦੇ 23 ਜ਼ਿਲ੍ਹਿਆਂ ਵਿਚ 2,472 ਪਿੰਡ ਪੂਰੀ ਤਰ੍ਹਾਂ ਹੜ੍ਹ ਦੀ ਲਪੇਟ ਵਿਚ ਆਏ ਹਨ
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ, ਫ਼ਿਰੋਜ਼ਪੁਰ : ਹਾਲ ਹੀ ਵਿਚ ਆਏ ਹੜ੍ਹਾਂ ਨੇ ਪੰਜਾਬ ਦੀ ਭੂਗੋਲਿਕ ਸਥਿਤੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਦਰਿਆਵਾਂ ਦੇ ਕਿਨਾਰੇ ਟੁੱਟਣ ਅਤੇ ਭਾਰੀ ਬਾਰਸ਼ ਕਾਰਨ ਪੰਜਾਬ ਦੇ 23 ਜ਼ਿਲ੍ਹਿਆਂ ਵਿਚ 2,472 ਪਿੰਡ ਪੂਰੀ ਤਰ੍ਹਾਂ ਹੜ੍ਹ ਦੀ ਲਪੇਟ ਵਿਚ ਆਏ ਹਨ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ 3,89,176 ਲੋਕ ਪ੍ਰਭਾਵਿਤ ਹੋਏ ਹਨ।
ਸਭ ਤੋਂ ਵੱਧ ਨੁਕਸਾਨ ਗੁਰਦਾਸਪੁਰ ਤੇ ਅੰਮ੍ਰਿਤਸਰ ਵਿਚ ਹੜ੍ਹ ਕਾਰਨ ਗੁਰਦਾਸਪੁਰ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਸਾਹਮਣੇ ਆਇਆ ਹੈ ਜਿੱਥੇ 1,45,000 ਲੋਕ ਹੜ੍ਹ ਦੀ ਮਾਰ ਹੇਠ ਆਏ। ਅੰਮ੍ਰਿਤਸਰ ਵਿਚ 1,36,105 ਲੋਕ, ਫਿਰੋਜ਼ਪੁਰ ਵਿਚ 38,614, ਫਾਜ਼ਿਲਕਾ ਵਿਚ 25,037, ਕਪੂਰਥਲਾ ਵਿਚ 5,728, ਜਲੰਧਰ ਵਿਚ 1,970, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਚ 14,000 ਅਤੇ ਪਠਾਨਕੋਟ ਵਿਚ 15,503 ਲੋਕ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਮੋਗਾ ਦੇ 800, ਮਾਨਸਾ ਦੇ 178, ਤਰਨ ਤਾਰਨ ਦੇ 60 ਅਤੇ ਸੰਗਰੂਰ ਦੇ 83 ਲੋਕ ਵੀ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ।
ਜਾਨੀ ਨੁਕਸਾਨ: 56 ਮੌਤਾਂ, 4 ਲਾਪਤਾ
ਇਸ ਕੁਦਰਤੀ ਆਫ਼ਤ ਦੌਰਾਨ ਹੁਣ ਤੱਕ 56 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਇਲਾਵਾ 4 ਵਿਅਕਤੀ ਲਾਪਤਾ ਹਨ, ਜਿਨ੍ਹਾਂ ਵਿੱਚੋਂ ਇੱਕ ਜਲੰਧਰ ਅਤੇ ਤਿੰਨ ਪਠਾਨਕੋਟ ਜ਼ਿਲ੍ਹੇ ਨਾਲ ਸਬੰਧਤ ਹਨ।
ਰਾਹਤ ਅਤੇ ਬਚਾਅ ਕਾਰਜ
ਬਚਾਅ ਮੁਹਿੰਮ ਵਿਚ ਐੱਨਡੀਆਰਐੱਫ, ਬੀਐੱਸਐੱਫ, ਆਰਮੀ, ਨੇਵੀ, ਐੱਸਡੀਆਰਐੱਫ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਸਰਗਰਮ ਹਨ। ਹੁਣ ਤੱਕ 23,340 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਗਿਆ ਹੈ। ਸ਼ੁਰੂ ਵਿੱਚ ਪੰਜਾਬ ਸਰਕਾਰ ਵੱਲੋਂ 291 ਰਾਹਤ ਕੈਂਪ ਬਣਾਏ ਗਏ ਸਨ, ਪਰ ਹਾਲਾਤ ਗੰਭੀਰ ਹੋਣ ਕਰਕੇ ਇਹ ਗਿਣਤੀ ਵਧ ਕੇ 82 ਕੈਂਪਾਂ ਤੱਕ ਪਹੁੰਚ ਗਈ ਹੈ। ਇਨ੍ਹਾਂ ਵਿਚ ਲਗਭਗ 3,700 ਲੋਕ ਸਹੂਲਤਾਂ ਲੈ ਰਹੇ ਹਨ।
ਹੜ੍ਹ ਦੇ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਚੁਣੌਤੀਆਂ
ਹੜ੍ਹ ਦਾ ਪਾਣੀ ਘਟਣ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਲਈ ਨਵੀਆਂ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ। ਖੇਤਾਂ ਵਿਚ ਪਾਣੀ ਖੜ੍ਹਾ ਰਹਿਣ ਕਾਰਨ ਖੜ੍ਹੀਆਂ ਫਸਲਾਂ ਨਸ਼ਟ ਹੋ ਗਈਆਂ ਹਨ ਅਤੇ ਬੀਜਣ ਯੋਗ ਜ਼ਮੀਨ ਵੀ ਖਰਾਬ ਹੋਈ ਹੈ। ਮਿੱਟੀ ਵਿੱਚ ਜਮੀ ਨਮੀ ਕਾਰਨ ਜਮੀਨ ਨੂੰ ਸੰਵਾਰਨ ਵਾਸਤੇ ਵੱਡੇ ਖਰਚੇ ਹੋਣਗੇ ਅਤੇ ਅਗਲੀ ਫਸਲ ਦੀ ਬਿਜਾਈ ਦੇਰ ਨਾਲ ਹੋਵੇਗੀ। ਨਾਲ ਹੀ ਪਸ਼ੂਆਂ ਦੇ ਚਾਰੇ ਦੀ ਘਾਟ, ਟੁੱਟੇ ਘਰਾਂ ਅਤੇ ਸੰਦ-ਸਾਮਾਨ ਦੇ ਨੁਕਸਾਨ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਖੇਤੀਬਾੜੀ ਕਰਜ਼ੇ ਦੀ ਵਾਪਸੀ ਤੇ ਪਰਿਵਾਰਕ ਖਰਚਿਆਂ ਦੀ ਚਿੰਤਾ ਕਿਸਾਨਾਂ ਨੂੰ ਹੋਰ ਵੀ ਪਰੇਸ਼ਾਨ ਕਰ ਰਹੀ ਹੈ। ਸਰਕਾਰੀ ਮਦਦ ਦੇ ਬਗੈਰ ਕਿਸਾਨਾਂ ਲਈ ਮੁੜ ਸੰਭਲਣਾ ਔਖਾ ਹੈ।ਪ੍ਰਭਾਵਿਤ ਇਲਾਕਿਆਂ ਵਿਚ ਡਰ ਅਤੇ ਬੇਚੈਨੀ ਦਾ ਮਾਹੌਲ ਬਣਿਆ ਹੋਇਆ ਹੈ। ਇਹ ਹੜ੍ਹ ਪੰਜਾਬ ਲਈ ਪਿਛਲੇ ਕਈ ਸਾਲਾਂ ਦੀ ਸਭ ਤੋਂ ਭਿਆਨਕ ਕੁਦਰਤੀ ਆਫ਼ਤ ਸਾਬਤ ਹੋ ਰਿਹਾ ਹੈ।
ਮੁੱਖ ਅੰਕੜੇ
ਪ੍ਰਭਾਵਿਤ ਜ਼ਿਲ੍ਹੇ: 23
ਹੜ੍ਹ-ਪ੍ਰਭਾਵਿਤ ਪਿੰਡ: 2,472
ਕੁੱਲ ਪ੍ਰਭਾਵਿਤ ਲੋਕ: 3,89,176
ਮੌਤਾਂ: 56
ਲਾਪਤਾ: 4
ਸੁਰੱਖਿਅਤ ਥਾਵਾਂ ’ਤੇ ਲਿਜਾਏ ਗਏ ਲੋਕ: 23,340
ਰਾਹਤ ਕੈਂਪ ਚੱਲ ਰਹੇ: 82
ਕੈਂਪਾਂ ਵਿੱਚ ਰਹਿੰਦੇ ਲੋਕ: 3,700