ਸਰਕਾਰਾਂ ਤੇ ਬੈਂਕ ਨੀਤੀਆਂ ਕਾਰਨ ਦੋਹਰੇ ਸੰਕਟ ’ਚ ਫਸਿਆ ਕਿਸਾਨ : ਮਹਿਮਾ
ਸਰਕਾਰਾਂ ਅਤੇ ਬੈਂਕਾਂ ਦੀਆਂ ਨੀਤੀਆਂ ਕਾਰਨ ਦੋਹਰੇ ਸੰਕਟ ਵਿਚ ਫਸਿਆ ਪੰਜਾਬ ਦਾ ਕਿਸਾਨ
Publish Date: Fri, 08 May 2026 04:48 PM (IST)
Updated Date: Fri, 08 May 2026 04:50 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਪੰਜਾਬ ਦਾ ਕਿਸਾਨ ਦੋਹਰੇ ਸੰਕਟ ਵਿਚ ਫਸਿਆ ਹੈ। ਇਕ ਪਾਸੇ ਬਿਜਾਈ ਦਾ ਸੀਜ਼ਨ ਸਿਰ ’ਤੇ ਖੜ੍ਹਾ ਹੈ, ਖਾਦ-ਡੀਜ਼ਲ ਦੇ ਰੇਟ ਅਸਮਾਨ ਛੂਹ ਰਹੇ ਹਨ। ਦੂਜੇ ਪਾਸੇ ਕਿਸਾਨਾਂ ਦੇ ਹੱਥ ਖਾਲੀ ਹਨ, ਕਿਉਂਕਿ ਸਹਿਕਾਰੀ ਸਭਾਵਾਂ ਰਾਹੀਂ ਮਿਲਣ ਵਾਲਾ ਸਸਤਾ ਕਰਜ਼ਾ ਹੀ ਬੰਦ ਕਰ ਦਿੱਤਾ ਗਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਜੜ੍ਹ ਦੋ ਫੈਸਲਿਆਂ ਵਿਚ ਹੈ, ਨਾਬਾਰਡ ਕੇਂਦਰ ਸਰਕਾਰ ਦੇ ਅਧੀਨ ਹੈ, ਕੇਂਦਰ ਸਰਕਾਰ ਨੇ ਨਾਬਾਰਡ ਤੋਂ 2400 ਕਰੋੜ ਰੁਪਏ ਦੀ ਰੀਫਾਈਨਾਂਸ ਕਟੌਤੀ ਕਰਵਾ ਦਿੱਤੀ ਹੈ । ਸਹਿਕਾਰੀ ਬੈਂਕਾਂ ਨੇ ਵੀ ਨਬਾਰਡ ਤੋਂ ਲੈ ਕੇ ਪੈਸਾ ਕਿਸਾਨਾਂ ਨੂੰ ਜਾਰੀ ਕਰਨਾ ਸੀ, ਹੁਣ ਜਦੋ 2400 ਕਰੋੜ ਦੀ ਕਟੌਤੀ ਕਰ ਦਿੱਤੀ ਗਈ ਹੈ ਬਾਕੀ 1100 ਕਰੋੜ ਬਚਿਆ ਹੈ। ਇਸ ਮਗਰੋਂ ਮੁਲਾਜ਼ਮ ਦੁਬਦਾ ਵਿਚ ਹਨ ਉਹ ਕਿਸ ਨੂੰ ਦੇਣ ਤੇ ਕਿਸ ਨੂੰ ਨਾ ਦੇਣ। ਜਿਸਦੇ ਚਲਦਿਆਂ ਬੈਂਕ ਕਰਮਚਾਰੀਆਂ ਨੇ ਹਥ ਖੜੇ ਕਰ ਦਿੱਤੇ ਤੇ ਵੀ ਹੜਤਾਲ ਕਰ ਦਿੱਤੀ। ਹਰ ਸਾਲ ਕਣਕ ਦੀ ਵਾਢੀ ਤੋਂ ਬਾਅਦ ਕਿਸਾਨ ਪਿਛਲਾ ਕਰਜ਼ਾ ਚੁਕਾ ਕੇ ਨਵੀਂ ਫਸਲ ਲਈ ਕਰਜ਼ਾ ਲੈਂਦੇ ਹਨ। ਇਸ ਵਾਰ ਵੀ ਕਿਸਾਨ ਕਣਕ ਵੇਚ ਕੇ ਸਹਿਕਾਰੀ ਸਭਾਵਾਂ ਦੇ ਸੈਕਟਰੀਆਂ ਕੋਲ ਪੈਸਾ ਜਮ੍ਹਾ ਕਰਾਉਣ ਪਹੁੰਚੇ। ਪਰ ਸੈਕਟਰੀਆਂ ਨੇ ਪੈਸੇ ਜਮ੍ਹਾ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਕਿਸਾਨਾਂ ਲਈ ਅਗਲੀ ਫਸਲ ਪੈਦਾ ਕਰਨ ਤੋਂ ਪਹਿਲਾ ਹੀ ਵੱਡਾ ਸੰਕਟ ਖੜਾ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵਧੇ ਹੋਏ ਹੱਦ ਕਰਜੇ ਵਾਲਾ ਫੈਸਲਾ ਤੁਰੰਤ ਲਾਗੂ ਕਰੇ ਅਤੇ ਪੈਸਿਆਂ ਦਾ ਪ੍ਰਬੰਧ ਕਰਕੇ ਕਿਸਾਨਾਂ ਨੂੰ ਰਾਹਤ ਦੇਵੇ।