ਤਾਰੋਂ ਪਾਰ ਦੇ ਕਾਸ਼ਤਕਾਰਾਂ ਨਾਲ ਸਾਉਣੀ ਦੇ ਸੀਜ਼ਨ ਨੂੰ ਲੈ ਕੇ ਚਰਚਾ
ਪੰਜਾਬ ਬਾਰਡਰ ਏਰੀਆ ਕਿਸਾਨ ਯੂਨੀਅਨ ਦੀ ਡੀ ਆਈ ਜੀ ਬੀਐੱਸਐੱਫ ਨਾਲ ਅਹਿਮ ਮੀਟਿੰਗ
Publish Date: Fri, 08 May 2026 05:03 PM (IST)
Updated Date: Fri, 08 May 2026 05:05 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਪੰਜਾਬ ਬਾਰਡਰ ਏਰੀਆ ਕਿਸਾਨ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਸੰਧੂ, ਸੂਬਾ ਕਮੇਟੀ ਮੈਂਬਰ ਸ਼ਾਮ ਲਾਲ ਕੰਬੋਜ, ਯੂਨੀਅਨ ਆਗੂਆਂ ਅਤੇ ਕਿਸਾਨਾਂ ਦੀ ਇੱਕ ਅਹਿਮ ਮੀਟਿੰਗ ਬੀਐੱਸਐੱਫ ਦੇ ਡੀ ਆਈ ਜੀ ਸੁਕੁਮਾਰ ਸਾਰੰਗੀ ਨਾਲ ਫਾਜ਼ਿਲਕਾ-ਅਬੋਹਰ ਰੋਡ ਸਥਿਤ 19 ਬਟਾਲੀਅਨ ਹੈਡਕੁਆਰਟਰ ਵਿਖੇ ਹੋਈ। ਮੀਟਿੰਗ ਵਿੱਚ ਫਾਜ਼ਿਲਕਾ ਜ਼ਿਲ੍ਹੇ ਵਿੱਚ ਤਾਇਨਾਤ ਚਾਰ ਬਟਾਲੀਅਨਾਂ ਦੇ ਕਮਾਂਡਿੰਗ ਅਫ਼ਸਰਾਂ, ਅਸਿਸਟੈਂਟ ਕਮਾਂਡਰਾਂ, ਕੰਪਨੀ ਕਮਾਂਡਰਾਂ ਅਤੇ ਇੰਸਪੈਕਟਰਾਂ ਨੇ ਹਿੱਸਾ ਲਿਆ। ਇਸ ਦੌਰਾਨ ਭਾਰਤ-ਪਾਕਿਸਤਾਨ ਸਰਹੱਦ ਨੇੜੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਆਉਣ ਵਾਲੇ ਸਾਉਣੀ ਸੀਜ਼ਨ ਦੀਆਂ ਤਿਆਰੀਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਕਿਸਾਨਾਂ ਨੇ ਮੰਗ ਰੱਖੀ ਕਿ ਤਾਰਬੰਦੀ ਤੋਂ ਪਾਰ ਖੇਤੀ ਲਈ ਦਿੱਤੇ ਜਾਂਦੇ ਸਮੇਂ ਵਿੱਚ ਵਾਧਾ ਕੀਤਾ ਜਾਵੇ, ਕੰਡਿਆਲੀ ਤਾਰ ਦੇ ਵੱਧ ਗੇਟ ਖੋਲ੍ਹੇ ਜਾਣ, ਹਰ ਗੇਟ ‘ਤੇ ਮਹਿਲਾ ਕਾਂਸਟੇਬਲ ਤਾਇਨਾਤ ਕੀਤੀਆਂ ਜਾਣ ਅਤੇ ਲੇਬਰ ਕਾਰਡ ਬਣਾਏ ਜਾਣ। ਇਸ ਤੋਂ ਇਲਾਵਾ ਗੇਟਾਂ ਨੂੰ ਸਰਕਾਰੀ ਰਸਤਿਆਂ ਉੱਪਰ ਕਰਨ, ਆਪਸੀ ਦੂਰੀ ਘਟਾਉਣ, ਸਤਲੁਜ ਦਰਿਆ ਹੇਠ ਲੱਗੇ ਜਾਮ ਜਾਲੀਦਾਰ ਗੇਟ ਖੋਲ੍ਹਣ ਅਤੇ ਸਮਾਰਟ ਫੈਂਸਿੰਗ ਦੌਰਾਨ ਨੁਕਸਾਨੀਆਂ ਹੋਈਆਂ ਹੋਜ਼ ਪਾਈਪਾਂ ਮੁੜ ਲਗਵਾਉਣ ਦੀ ਮੰਗ ਵੀ ਉਠਾਈ ਗਈ। ਮੀਟਿੰਗ ਵਿੱਚ ਖ਼ਰਾਬ ਹੋਏ ਬੋਰਵੈੱਲਾਂ ਦੀ ਮੁਰੰਮਤ ਲਈ ਬੋਰਿੰਗ ਮਸ਼ੀਨ ਅੰਦਰ ਲੈ ਜਾਣ ਦੀ ਇਜਾਜ਼ਤ, ਨਵੀਆਂ ਹੋਜ਼ ਪਾਈਪਾਂ ਪਾਉਣ ਅਤੇ ਤਾਰਬੰਦੀ ਤੋਂ ਪਾਰ ਦੇ ਕਿਸਾਨਾਂ ਲਈ ਪ੍ਰਤੀ ਏਕੜ ਮਿਲਣ ਵਾਲੇ ਮੁਆਵਜ਼ੇ ਦੀ 2025 ਦੀ ਕਿਸ਼ਤ ਜਾਰੀ ਕਰਨ ਦਾ ਮਸਲਾ ਵੀ ਚਰਚਾ ਵਿੱਚ ਰਿਹਾ। ਡੀ ਆਈ ਜੀ ਸੁਕੁਮਾਰ ਸਾਰੰਗੀ ਨੇ ਕੁਝ ਮਸਲਿਆਂ ਦਾ ਮੌਕੇ ‘ਤੇ ਹੀ ਹੱਲ ਕੀਤਾ, ਜਦਕਿ ਬਾਕੀਆਂ ਨੂੰ ਜਲਦ ਨਿਪਟਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਚਾਰਾਂ ਬਟਾਲੀਅਨਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਉਣ ਦਿੱਤੀ ਜਾਵੇ। ਇਸ ਦੌਰਾਨ ਪਿੰਡ ਮੁਹਾਰ ਜਮਸ਼ੇਰ ਅਤੇ ਮੁਹਾਰ ਖੀਵਾ ਦੇ ਸਰਪੰਚਾਂ ਨੇ ਪਤਨ ਪੋਸਟ ਰਾਹੀਂ ਪਿੰਡ ਵਿੱਚ ਆਉਣ-ਜਾਣ ਦੌਰਾਨ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਵੀ ਡੀ ਆਈ ਜੀ ਦੇ ਧਿਆਨ ਵਿੱਚ ਲਿਆਂਦੀਆਂ। ਉਨ੍ਹਾਂ ਦੱਸਿਆ ਕਿ ਸਕੂਲੀ ਬੱਚਿਆਂ ਤੋਂ ਲੈ ਕੇ ਪਿੰਡ ਆਉਣ ਵਾਲੇ ਰਿਸ਼ਤੇਦਾਰਾਂ ਤੱਕ ਹਰ ਕਿਸੇ ਦੀ ਤਲਾਸ਼ੀ ਕਾਰਨ ਲੋਕ ਸ਼ਰਮਿੰਦਗੀ ਮਹਿਸੂਸ ਕਰਦੇ ਹਨ। ਇਸ ਸਬੰਧੀ ਡੀ ਆਈ ਜੀ ਨੇ ਪੰਚਾਇਤ ਨੂੰ ਭਰੋਸਾ ਦਿੱਤਾ ਕਿ ਮਸਲੇ ‘ਤੇ ਗੰਭੀਰਤਾ ਨਾਲ ਵਿਚਾਰ ਕਰਕੇ ਹੱਲ ਕੱਢਿਆ ਜਾਵੇਗਾ।ਮੀਟਿੰਗ ਵਿੱਚ ਬਲਾਕ ਫਾਜ਼ਿਲਕਾ ਅਤੇ ਜਲਾਲਾਬਾਦ ਦੇ ਯੂਨੀਅਨ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਰਹੇ।