ਨਸ਼ਾ-ਮੁਕਤ ਪੰਜਾਬ ਲਈ ਲੋਕਾਂ ਦੀ ਸ਼ਮੂਲੀਅਤ ਜ਼ਰੂਰੀ : ਐੱਸਐੱਸਪੀ
ਨਸ਼ਾ-ਮੁਕਤ ਪੰਜਾਬ ਲਈ ਲੋਕ ਭਾਗੀਦਾਰੀ ਜ਼ਰੂਰੀ: ਗੁਰਮੀਤ ਸਿੰਘ
Publish Date: Wed, 18 Mar 2026 05:15 PM (IST)
Updated Date: Wed, 18 Mar 2026 05:19 PM (IST)

ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਪੁਲਿਸ ਵੱਲੋਂ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਦੀਆਂ ਹਦਾਇਤਾਂ ਤਹਿਤ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਗੈਂਗਸਟਰਾਂ ਵਿਰੁੱਧ ਜੰਗ’ ਮੁਹਿੰਮ ਦੇ ਅਧੀਨ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੀ ਅਗਵਾਈ ਐਸ.ਐਸ.ਪੀ ਫਾਜ਼ਿਲਕਾ ਗੁਰਮੀਤ ਸਿੰਘ ਨੇ ਕੀਤੀ, ਜਿਸ ਵਿੱਚ ਟਰੇਡ ਯੂਨੀਅਨਾਂ, ਟਰੇਡ ਕਮਿਸ਼ਨ, ਸਮਾਜ ਸੇਵੀਆਂ ਅਤੇ ਵੱਖ-ਵੱਖ ਵਰਗਾਂ ਦੇ ਲਗਭਗ 200 ਮੈਂਬਰਾਂ ਨੇ ਹਿਸਾ ਲਿਆ। ਮੀਟਿੰਗ ਦੌਰਾਨ ਐਸ.ਐਸ.ਪੀ ਗੁਰਮੀਤ ਸਿੰਘ ਵੱਲੋਂ ਹਾਜ਼ਰੀਨ ਨੂੰ ਮੌਜੂਦਾ ਕਾਨੂੰਨ-ਵਿਵਸਥਾ ਦੀ ਸਥਿਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਨਸ਼ਿਆਂ ਅਤੇ ਗੈਂਗਸਟਰ ਗਤੀਵਿਧੀਆਂ ਵਿਰੁੱਧ ਚੱਲ ਰਹੀ ਪੁਲਿਸ ਕਾਰਵਾਈ ਬਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਸਰਕਾਰ ਦੀ ਰਿਵਾਰਡ ਪਾਲਿਸੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ, ਤਾਂ ਜੋ ਆਮ ਲੋਕ ਬਿਨਾਂ ਕਿਸੇ ਡਰ ਦੇ ਅਪਰਾਧੀਆਂ ਬਾਰੇ ਸੂਚਨਾ ਦੇ ਸਕਣ। ਹਾਜ਼ਰੀਨ ਨੂੰ ‘ਐਂਟੀ ਗੈਂਗਸਟਰ’ ਤੇ ‘ਸੇਫ ਪੰਜਾਬ’ ਹੈਲਪਲਾਈਨਜ਼ ਦਾ ਵੱਧ ਤੋਂ ਵੱਧ ਇਸਤੇਮਾਲ ਕਰਦੇ ਹੋਏ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮਾਜ ਦੇ ਹਰ ਵਰਗ ਦੀ ਭਾਗੀਦਾਰੀ ਨਾਲ ਹੀ ਨਸ਼ਾ-ਮੁਕਤ ਅਤੇ ਅਪਰਾਧ-ਮੁਕਤ ਪੰਜਾਬ ਦਾ ਸੁਪਨਾ ਸਾਕਾਰ ਹੋ ਸਕਦਾ ਹੈ। ਮੀਟਿੰਗ ਦੌਰਾਨ ਹਾਜ਼ਰ ਲੋਕਾਂ ਨੇ ਆਪਣੇ ਕੀਮਤੀ ਸੁਝਾਅ ਵੀ ਸਾਂਝੇ ਕੀਤੇ ਅਤੇ ਪੁਲਿਸ ਦੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ। ਇਸ ਮੌਕੇ ਮਨਜੋਤ ਖੇੜਾ, ਲਵਿਸ਼ ਚਾਵਲਾ ਸਮੇਤ ਟਰੇਡ ਯੂਨੀਅਨਾਂ, ਟਰੇਡ ਕਮਿਸ਼ਨ ਅਤੇ ਸਮਾਜ ਸੇਵੀ ਆਗੂ ਵੀ ਹਾਜ਼ਰ ਸਨ।