ਉਸਾਰੀ ਕਿਰਤੀਆਂ ਦੀ ਖੱਜਲ ਖੁਆਰੀ ਦੇ ਵਿਰੋਧ ’ਚ ਸੌਂਪਿਆ ਮੰਗ ਪੱਤਰ
ਲੇਬਰ ਇੰਸਪੈਕਟਰ ਵੱਲੋਂ ਵਿਸ਼ਵਾਸ ਦਿਵਾਉਣ ਤੇ ਧਰਨਾ ਮੁਲਤਵੀ
Publish Date: Mon, 04 May 2026 04:45 PM (IST)
Updated Date: Mon, 04 May 2026 04:47 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ: ਸਰਬ ਭਾਰਤ ਨੌਜਵਾਨ ਸਭਾ ਅਤੇ ਕੰਸਟ੍ਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਵੱਲੋਂ ਅੱਜ ਸਥਾਨਕ ਲੇਬਰ ਇੰਸਪੈਕਟਰ ਦਫਤਰ ਵਿਖ਼ੇ ਲਗਾਇਆ ਜਾਣ ਵਾਲਾ ਰੋਸ ਧਰਨਾ ਲੇਬਰ ਇੰਸਪੈਕਟਰ ਵੱਲੋਂ ਵਿਸ਼ਵਾਸ ਦਿਵਾਉਣ ’ਤੇ ਮੁਲਤਵੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਉਕਤ ਅਧਿਕਾਰੀ ਵੱਲੋਂ ਉਸਾਰੀ ਕਿਰਤੀਆਂ ਦੀਆਂ ਲਾਭਪਾਤਰੀ ਕਾਪੀਆਂ ਤੇ ਗ਼ੈਰ ਵਾਜਬ ਇਤਰਾਜ਼ ਲਗਾ ਕੇ ਖੱਜਲ ਖੁਆਰ ਕੀਤਾ ਜਾਂਦਾ ਸੀ ਅਤੇ ਕਿਰਤੀਆਂ ਦੇ ਵਜੀਫੇ ਫਾਰਮ, ਐਕਸ ਗ੍ਰੇਸ਼ੀਆ ਆਦਿ ਮਸਲੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਸਨ, ਜਿਸ ਤੇ ਉਕਤ ਜਥੇਬੰਦੀਆਂ ਦੇ ਆਗੂਆਂ ਨੇ ਰੋਸ ਵਜੋਂ ਅੱਜ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਸੀ। ਇਸ ਮਾਮਲੇ ਵਿਚ ਕਿਰਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਹੁੰਚ ਕਰਕੇ ਦੋਵਾਂ ਧਿਰਾਂ ਦੀ ਸਹਿਮਤੀ ਕਰਵਾ ਦਿੱਤੀ ਸੀ। ਇਸ ਸਹਿਮਤੀ ਅਨੁਸਾਰ ਲੇਬਰ ਇੰਸਪੈਕਟਰ ਨੇ ਆਗੂਆਂ ਚਰਨਜੀਤ ਸਿੰਘ ਛਾਂਗਾ ਰਾਏ, ਬਲਾਕ ਕਨਵੀਨਰ ਪਰਮਿੰਦਰ ਰਹਿਮੇਸ਼ਾਹ, ਕੋ ਕਨਵੀਨਰ ਅਮਰਜੀਤ ਸਿੰਘ ਅਤੇ ਬਲਵਿੰਦਰ ਸਿੰਘ ਸਰੂਪੇ ਵਾਲਾ ਆਦਿ ਨਾਲ ਮੌਕੇ ’ਤੇ ਮੀਟਿੰਗ ਕਰਕੇ ਕਿਰਤੀਆਂ ਦੇ ਸਾਰੇ ਮਸਲੇ ਤੁਰੰਤ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਹੈ ਅਤੇ ਕਿਹਾ ਕਿ ਅੱਗੇ ਤੋਂ ਕਿਸੇ ਵੀ ਉਸਾਰੀ ਕਿਰਤੀ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਦਫਤਰ ਵਿਚ ਸਾਰੇ ਕੰਮ ਪਾਰਦਰਸ਼ਤਾ ਨਾਲ ਕੀਤੇ ਜਾਣਗੇ। ਜਥੇਬੰਦੀਆਂ ਦੇ ਆਗੂਆਂ ਨੇ ਵੀ ਕਿਹਾ ਕਿ ਉਨ੍ਹਾਂ ਵੱਲੋਂ ਕਿਰਤ ਵਿਭਾਗ ਦੇ ਅਧਿਕਾਰੀਆਂ ਨਾਲ ਸਹਿਯੋਗ ਦੀ ਭਾਵਨਾ ਨਾਲ ਤਾਲਮੇਲ ਰੱਖਿਆ ਜਾਵੇਗਾ ਅਤੇ ਹਰ ਸੰਭਵ ਮੱਦਦ ਕੀਤੀ ਜਾਵੇਗੀ, ਜਿਸ ਨਾਲ ਕਿਰਤੀਆਂ ਦੀਆਂ ਮੁਸ਼ਕਲਾਂ ਹੱਲ ਹੋਣ। ਇਸ ਮੌਕੇ ਆਗੂਆਂ ਵੱਲੋਂ ਇਕ ਮੰਗ ਪੱਤਰ ਲੇਬਰ ਇੰਸਪੈਕਟਰ ਨੂੰ ਸੌਂਪਿਆ ਗਿਆ, ਜਿਸ ਨੂੰ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਮੰਗ ਪੱਤਰ ਵਿਚ ਦਰਜ ਮੰਗਾਂ ਨੂੰ ਇਕ ਹਫਤੇ ਦੇ ਅੰਦਰ ਅੰਦਰ ਪੂਰਾ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਚਰਨਜੀਤ ਸਿੰਘ ਛਾਂਗਾ ਰਾਏ ਅਤੇ ਪਰਮਿੰਦਰ ਰਹਿਮੇਸ਼ਾਹ ਨੇ ਕਿਹਾ ਕਿ ਸਰਬ ਭਾਰਤ ਨੌਜਵਾਨ ਸਭਾ ਅਤੇ ਕੰਸਟਰਕਸ਼ਨ ਵਰਕਰ ਲੇਬਰ ਯੂਨੀਅਨ ਵੱਲੋਂ ਹਮੇਸ਼ਾ ਹੀ ਲੋਕ ਹਿੱਤਾਂ ਅਤੇ ਮਜ਼ਦੂਰਾਂ ਦੀ ਆਵਾਜ਼ ਬੁਲੰਦ ਕੀਤੀ ਗਈ ਹੈ। ਭਾਵੇਂ ਮੀਟਿੰਗ ’ਚ ਲੇਬਰ ਇੰਸਪੈਕਟਰ ਨੇ ਸਾਰੇ ਮਸਲੇ ਟੇਬਲ ਤੇ ਬੈਠ ਕੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਹੈ, ਪਰ ਸਰਬ ਭਾਰਤ ਨੌਜਵਾਨ ਸਭਾ ਅਤੇ ਕੰਸਟਰਕਸ਼ਨ ਵਰਕਰ ਲੇਬਰ ਯੂਨੀਅਨ ਵੱਲੋਂ ਮਜ਼ਦੂਰਾਂ ਦੀ ਹੱਕਾਂ ਦੀ ਰਾਖੀ ਲਈ ਇਹ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਵਰਨਰ ਸਿੰਘ ਦਰਬਾਰਾ ਸਿੰਘ ਵਾਲਾ, ਮਲਕੀਤ ਸਿੰਘ ਦਰਬਾਰਾ ਸਿੰਘ ਵਾਲਾ, ਮਨੋਜ ਸਿੰਘ ਬੂਲਾ ਰਾਏ, ਸੁਰਿੰਦਰ ਸਿੰਘ ਮੋਹਨ ਕੇ, ਬੱਗੂ ਸਿੰਘ ਨਿਧਾਨਾ, ਹਰਬੰਸ ਸਿੰਘ ਛਾਂਗਾ ਰਾਏ, ਪ੍ਰੀਤਮ ਸਿੰਘ ਬੂਲਾ ਹਿਠਾੜ, ਜੋਗਿੰਦਰ ਸਿੰਘ, ਜਸਵੰਤ ਸਿੰਘ ਮੇਘਾ, ਅਮਨਦੀਪ ਬਹਾਦਰ ਕੇ ਆਦਿ ਹਾਜ਼ਰ ਸਨ।