ਇਕ ਪਾਸੇ ਧਰਨਾ ਤੇ ਦੂਜੇ ਪਾਸੇ ਅਸ਼ਲੀਲ ਫ਼ਿਲਮ, ਪੁਲਿਸ ਬਣੀ ਮੂਖ ਦਰਸ਼ਕ
ਇਕ ਪਾਸੇ ਧਰਨਾ, ਦੂਜੇ ਪਾਸੇ ਅਸ਼ਲੀਲ ਫ਼ਿਲਮ — ਪੁਲਿਸ ਬਣੀ ਮੂਖ ਦਰਸ਼ਕ
Publish Date: Tue, 05 May 2026 09:43 PM (IST)
Updated Date: Tue, 05 May 2026 09:44 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਅਬੋਹਰ : ਅਬੋਹਰ ਸ਼ਹਿਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ। ਇੱਕ ਪਾਸੇ ਇਨਸਾਫ਼ ਦੀ ਮੰਗ ਨੂੰ ਲੈ ਕੇ ਡੀਐਸਪੀ ਦਫ਼ਤਰ ਬਾਹਰ ਧਰਨਾ ਦਿੱਤਾ ਜਾ ਰਿਹਾ ਸੀ, ਜਦਕਿ ਦੂਜੇ ਪਾਸੇ ਦੂਜੀ ਧਿਰ ਵਲੋਂ ਜਨਤਕ ਤੌਰ ‘ਤੇ ਵੱਡੀ ਸਕਰੀਨ ਲਗਾ ਕੇ ਅਸ਼ਲੀਲ ਫ਼ਿਲਮ ਚਲਾਉਣ ਦੇ ਦੋਸ਼ ਲਗੇ ਹਨ। ਮਿਲੀ ਜਾਣਕਾਰੀ ਅਨੁਸਾਰ ਬੱਲੂਆਣਾ ਹਲਕੇ ਦੇ ਪਿੰਡ ਕੁਲਾਰ ਵਿੱਚ ਹਾਲ ਹੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਨੇ ਕੁਝ ਰਾਜਨੀਤਿਕ ਆਗੂਆਂ ਦੀ ਅਗਵਾਈ ਹੇਠ ਫਾਜ਼ਿਲਕਾ ਰੋਡ ਸਥਿਤ ਡੀਐਸਪੀ ਦਫ਼ਤਰ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੰਬੰਧਤ ਨੁਮਾਇੰਦਿਆਂ ਖ਼ਿਲਾਫ਼ ਜ਼ੋਰਦਾਰ ਨਾਰੇਬਾਜ਼ੀ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ, ਦੂਜੀ ਧਿਰ ਨਾਲ ਸੰਬੰਧਤ ਕੁਝ ਲੋਕਾਂ ਵਲੋਂ ਧਰਨੇ ਵਿੱਚ ਸ਼ਾਮਿਲ ਇੱਕ ਆਗੂ ਦੀ ਪੁਰਾਣੀ ਅਸ਼ਲੀਲ ਵੀਡੀਓ ਵੱਡੀ ਸਕਰੀਨ ‘ਤੇ ਚਲਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਹ ਸਭ ਕੁਝ ਜਨਤਕ ਥਾਂ ‘ਤੇ ਹੋਣ ਕਾਰਨ ਉੱਥੋਂ ਲੰਘ ਰਹੇ ਰਾਹਗੀਰਾਂ, ਜਿਸ ਵਿੱਚ ਮਹਿਲਾਵਾਂ ਵੀ ਸ਼ਾਮਿਲ ਸਨ, ਨੂੰ ਅਸਹਿਜਤਾ ਦਾ ਸਾਹਮਣਾ ਕਰਨਾ ਪਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ, ਜਿਸ ਵਿੱਚ ਮਹਿਲਾ ਪੁਲਿਸ ਕਰਮਚਾਰੀ ਵੀ ਸ਼ਾਮਿਲ ਸਨ, ਵਲੋਂ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੁਰੰਤ ਦਖਲਅੰਦਾਜ਼ੀ ਨਹੀਂ ਕੀਤੀ ਗਈ ਅਤੇ ਦੋਹਾਂ ਧਿਰਾਂ ਦੀ ਕਾਰਵਾਈ ਚੱਲਦੀ ਰਹੀ। ਧਰਨਾਕਾਰੀਆਂ ਨੇ ਦੁਪਹਿਰ ਤੱਕ ਡੀਐਸਪੀ ਬੱਲੂਆਣਾ ਨੂੰ 7 ਦਿਨਾਂ ਦਾ ਅਲਟੀਮੇਟਮ ਦੇ ਕੇ ਧਰਨਾ ਸਮਾਪਤ ਕਰ ਦਿੱਤਾ। ਦੂਜੇ ਪਾਸੇ, ਸ਼ਹਿਰ ਵਿੱਚ ਧਰਨੇ ਦੇ ਨਾਲ-ਨਾਲ ਅਸ਼ਲੀਲ ਸਮੱਗਰੀ ਦੇ ਜਨਤਕ ਪ੍ਰਦਰਸ਼ਨ ਦਾ ਮਾਮਲਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸੰਬੰਧੀ ਅਬੋਹਰ ਦੇ ਐਸਪੀ ਆਸ਼ਵੰਤ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਈ ਵਾਰ ਫ਼ੋਨ ਕਰਨ ਦੇ ਬਾਵਜੂਦ ਸੰਪਰਕ ਨਹੀਂ ਹੋ ਸਕਿਆ। ਥਾਣਾ ਸਿਟੀ-1 ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਹ ਮੌਕੇ ‘ਤੇ ਮੌਜੂਦ ਨਹੀਂ ਸਨ ਅਤੇ ਉਨ੍ਹਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ।