ਮਾਂ ਦਿਵਸ ਮੌਕੇ ‘ਪ੍ਰਾਜੈਕਟ ਮੇਰੀ ਆਵਾਜ਼’ ਦੀ ਸ਼ੁਰੂਆਤ
ਮਾਂ ਦਿਵਸ ਮੌਕੇ ‘ਪ੍ਰੋਜੈਕਟ ਮੇਰੀ ਆਵਾਜ਼’ ਦੀ ਸ਼ੁਰੂਆਤ
Publish Date: Mon, 11 May 2026 05:44 PM (IST)
Updated Date: Mon, 11 May 2026 05:45 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਮਾਂ ਦਿਵਸ ਦੇ ਮੌਕੇ ‘ਤੇ ਬੰਬੇ ਇੰਸਟੀਚਿਊਟ ਵੱਲੋਂ ‘ਪ੍ਰੋਜੈਕਟ ਮੇਰੀ ਆਵਾਜ਼’ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਪਹਿਲਕਦਮੀ ਦਾ ਉਦੇਸ਼ ਮਹਿਲਾਵਾਂ ਅਤੇ ਨੌਜਵਾਨ ਕੁੜੀਆਂ ਨੂੰ ਸੁਰੱਖਿਆ, ਸਹਾਇਤਾ ਅਤੇ ਮਾਰਗਦਰਸ਼ਨ ਮੁਹੱਈਆ ਕਰਵਾਉਣਾ ਹੈ। ਇਸ ਪ੍ਰੋਜੈਕਟ ਦੀ ਅਗਵਾਈ ਗਗਨ ਚੁੱਘ ਕਰ ਰਹੇ ਹਨ। ਪ੍ਰੋਗਰਾਮ ਦੌਰਾਨ ਵਕਤਾਵਾਂ ਨੇ ਕਿਹਾ ਕਿ ਮਹਿਲਾਵਾਂ ਵਿੱਚ ਖੁਦਕੁਸ਼ੀਆਂ ਅਤੇ ਸ਼ੋਸ਼ਣ ਦੀਆਂ ਵਧਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਕਈ ਵਾਰ ਕੁੜੀਆਂ ਬੁਰੀ ਸੰਗਤ, ਨਿੱਜੀ ਫੋਟੋਆਂ ਜਾਂ ਵੀਡੀਓਜ਼ ਦੇ ਦੁਰਵਰਤੋਂ ਅਤੇ ਸਮਾਜਿਕ ਦਬਾਅ ਕਾਰਨ ਮਾਨਸਿਕ ਤਣਾਅ ਵਿੱਚ ਆ ਜਾਂਦੀਆਂ ਹਨ। ਅਜਿਹੇ ਹਾਲਾਤਾਂ ਵਿੱਚ ਉਹ ਆਪਣੀਆਂ ਭਾਵਨਾਵਾਂ ਕਿਸੇ ਨਾਲ ਸਾਂਝੀਆਂ ਨਹੀਂ ਕਰ ਸਕਦੀਆਂ।ਇਸ ਗੰਭੀਰ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ‘ਪ੍ਰੋਜੈਕਟ ਮੇਰੀ ਆਵਾਜ਼’ ਸ਼ੁਰੂ ਕੀਤਾ ਗਿਆ ਹੈ, ਤਾਂ ਜੋ ਪ੍ਰਭਾਵਿਤ ਮਹਿਲਾਵਾਂ ਨੂੰ ਸਮੇਂ ਸਿਰ ਮਦਦ ਅਤੇ ਸਹੀ ਮਾਰਗਦਰਸ਼ਨ ਮਿਲ ਸਕੇ। ਲੋੜਵੰਦ ਮਹਿਲਾਵਾਂ ਲਈ ਹੈਲਪਲਾਈਨ ਪ੍ਰਾਜੈਕਟ ਚੇਅਰਮੈਨ ਰਜਨੀਸ਼ ਲਤਾ ਨੇ ਦੱਸਿਆ ਕਿ ਕੋਈ ਵੀ ਲੋੜਵੰਦ ਮਹਿਲਾ 8559001634 ‘ਤੇ ਸੰਪਰਕ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਮਹਿਲਾਵਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਇਸ ਪਹਿਲਕਦਮੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਵਿੱਚ ਊਸ਼ਾ ਸਵਾਮੀ, ਦਯਾ ਰਾਣੀ ਅਤੇ ਮੁਸਕਾਨ ਨੂੰ ਕੋਆਰਡੀਨੇਟਰ ਬਣਾਇਆ ਗਿਆ ਹੈ, ਜਦਕਿ ਨਿਸ਼ਾ ਰਾਜੋਰਾ ਅਤੇ ਸ਼ੀਨਮ ਗਿੱਲੋਤਰਾ ਸਲਾਹਕਾਰ ਵਜੋਂ ਜ਼ਿੰਮੇਵਾਰੀ ਨਿਭਾਉਣਗੇ। ਲੋੜ ਪੈਣ ‘ਤੇ ਹੋਰ ਮਾਹਿਰਾਂ ਅਤੇ ਸਮਾਜਿਕ ਵਰਕਰਾਂ ਦੀ ਸਹਾਇਤਾ ਵੀ ਲਈ ਜਾਵੇਗੀ।‘ਪ੍ਰੋਜੈਕਟ ਮੇਰੀ ਆਵਾਜ਼’ ਦਾ ਮੁੱਖ ਮਕਸਦ ਮਾਨਸਿਕ, ਸਮਾਜਿਕ ਜਾਂ ਡਿਜੀਟਲ ਸ਼ੋਸ਼ਣ ਦਾ ਸਾਹਮਣਾ ਕਰ ਰਹੀਆਂ ਮਹਿਲਾਵਾਂ ਅਤੇ ਕੁੜੀਆਂ ਨੂੰ ਇੱਕ ਸੁਰੱਖਿਅਤ ਮੰਚ ਪ੍ਰਦਾਨ ਕਰਨਾ ਹੈ। ਇਸ ਰਾਹੀਂ ਉਨ੍ਹਾਂ ਨੂੰ ਸਲਾਹ, ਸਹਿਯੋਗ ਅਤੇ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ, ਤਾਂ ਜੋ ਉਹ ਨਵੇਂ ਭਰੋਸੇ ਨਾਲ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਸਕਣ।