ਫਿਰੋਜ਼ਪੁਰ ਤੋਂ ਦਿੱਲੀ ‘ਵੰਦੇ ਭਾਰਤ’ ਟ੍ਰੇਨ ਨੂੰ ਪ੍ਰਧਾਨ ਮੰਤਰੀ ਨੇ ਵਰਚੂਅਲੀ ਦਿੱਤੀ ਹਰੀ ਝੰਡੀ
ਫਿਰੋਜ਼ਪੁਰ ਤੋਂ ਦਿੱਲੀ ‘ਵੰਦੇ ਭਾਰਤ’ ਟ੍ਰੇਨ ਨੂੰ ਪ੍ਰਧਾਨ ਮੰਤਰੀ ਨੇ ਵਰਚੂਅਲੀ ਦਿੱਤੀ ਹਰੀ ਝੰਡੀ
Publish Date: Sat, 08 Nov 2025 06:53 PM (IST)
Updated Date: Sat, 08 Nov 2025 06:55 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਾਰਾਣਸੀ ਤੋਂ ਚਾਰ ‘ਵੰਦੇ ਭਾਰਤ’ ਟ੍ਰੇਨਾਂ ਨੂੰ ਹਰੀ ਝੰਡੀ ਦਿੰਦਿਆਂ ਹੀ ਫਿਰੋਜ਼ਪੁਰ ਤੋਂ ਦਿੱਲੀ ਲਈ ਵੀ ਇਕ ਵੰਦੇ ਭਾਰਤ ਰੇਲ ਟ੍ਰੈਕ ’ਤੇ ਛੂਕਣ ਲੱਗੀ। ਫਿਰੋਜ਼ਪੁਰ ਤੋਂ ਇਸ ਇਤਿਹਾਸਕ ਪਲ ਦਾ ਹਿੱਸਾ ਬਣਨ ਲਈ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ,ਸਾਂਸਦ ਸ਼ੇਰ ਸਿੰਘ ਘੁਬਾਇਆ ,ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਉਚੇਚੇ ਤੌਰ ’ਤੇ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਰਚੂਅਲੀ ਵੰਦੇ ਭਾਰਤ ਟ਼੍ਰੇਨਾ ਨੂੰ ਹਰੀ ਝੰਡੀ ਦਿੰਦਿਆਂ ਹੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਤੇ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਫਿਰੋਜ਼ਪੁਰ ਤੋਂ ਹਰੀ ਝੰਡੀ ਦਿਖਾ ਕੇ ਟਰੇਨ ਨੂੰ ਰਵਾਨਾ ਕੀਤਾ। ਇਸ ਮੌਕੇ ਭਾਜਪਾ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਸਕੱਤਰ ਰਾਕੇਸ਼ ਰਾਠੌੜ, ਜ਼ਿਲ੍ਹਾ ਪ੍ਰਧਾਨ ਸਰਬਜੀਤ ਬੋਬੀ ਬਾਠ, ਅਨੁਮੀਤ ਸਿੰਘ ਹੀਰਾ ਸੋਢੀ ਆਦਿ ਮੌਜ਼ੂਦ ਸਨ। ਇਸ ਸਬੰਧੀ ਫਿਰੋਜ਼ਪੁਰ ਛਾਵਨੀ ਰੇਲਵੇ ਸਟੇਸ਼ਨ ’ਤੇ ਡੀਆਰਐੱਮ ਸੰਜੀਵ ਕੁਮਾਰ ਦੀ ਅਗਵਾਈ ਵਿਚ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਜ ਸੇਵੀ ਸੰਸਥਾਵਾਂ ਤੇ ਕਈ ਹੋਰ ਹਸਤੀਆਂ ਨੇ ਵੀ ਸਮਾਗਮ ਵਿਚ ਹਿੱਸਾ ਲਿਆ। ਇਸ ਮੋਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਜੇ 2022 ਵਿਚ ਪ੍ਰਧਾਨ ਮੰਤਰੀ ਨੂੰ ਫਿਰੋਜ਼ਪੁਰ ਆਉਣ ਤੋਂ ਨਾ ਰੋਕਿਆ ਹੁੰਦਾ ਤਾਂ ਪੰਜਾਬ ਵਿਚ ਬਹੁਤ ਜ਼ਿਆਦਾ ਵਿਕਾਸ ਹੋਣਾ ਸੀ । ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਜੇ ਪੰਜਾਬ ਆ ਜਾਂਦੇ ਤਾਂ ਹੋਰ ਜ਼ਿਆਦਾ ਪ੍ਰੋਜੈਕਟ ਫਿਰੋਜ਼ਪੁਰ ਨੂੰ ਦੇ ਕੇ ਜਾਣੇ ਸਨ। ਵੰਦੇ ਭਾਰਤ ਦੀ ਇਸ ਇਤਿਹਾਸਕ ਸ਼ੁਰੂਆਤ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਰਾਸ਼ਟਰੀ ਕਾਰਜਕਾਰੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਦਾ ਤਹਿ ਦਿਲੋਂ-ਧੰਨਵਾਦ ਕੀਤਾ। ਰਾਣਾ ਸੋਢੀ ਨੇ ਕਿਹਾ ਇਹ ਇਤਿਹਾਸਕ ਕਦਮ ਫਿਰੋਜ਼ਪੁਰ ਨੂੰ ਵਿਕਾਸ ਦੀ ਨਵੀਂ ਪਟੜੀ ’ਤੇ ਲੈ ਜਾਵੇਗਾ ਅਤੇ ਇਸ ਦਾ ਲਾਭ ਖੇਤਰ ਦੇ ਵਪਾਰੀਆਂ ਸਮੇਤ ਸਮੂਹ ਲੋਕਾਂ ਨੂੰ ਹੋਵੇਗਾ।” ਉਨ੍ਹਾਂ ਨੇ ਕਿਹਾ ਕਿ ਵੰਦੇ ਭਾਰਤ ਟਰੇਨ ਪੂਰੇ ਮਾਲਵਾ ਖੇਤਰ ਲਈ ਵਰਦਾਨ ਸਾਬਤ ਹੋਵੇਗੀ। ਹੁਣ ਫਿਰੋਜ਼ਪੁਰ ਦਾ ਨਾਮ ਦੇਸ਼ ਦੇ ਵੱਡੇ ਸ਼ਹਿਰਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ ਹੈ। 6 ਘੰਟੇ 40 ਮਿੰਟ ਵਿਚ ਫਿਰੋਜ਼ਪੁਰ ਤੋਂ ਦਿੱਲੀ ਪਹੁੰਚੇਗੀ ਵੰਦੇ ਭਾਰਤ ਟ੍ਰੇਨ : ਰਾਣਾ ਸੋਢੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ 6 ਘੰਟੇ 40 ਮਿੰਟ ਵਿਚ ਫਿਰੋਜ਼ਪੁਰ ਤੋਂ ਦਿੱਲੀ ਪਹੁੰਚਣ ਵਾਲੀ ਇਹ ਟ੍ਰੇਨ ਰਾਹ ਵਿਚ 7 ਸਟੇਸ਼ਨਾਂ ’ਤੇ ਰੁਕੇਗੀ। ਭਾਵੇਂ ਕਿ ਅਜ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਵੱਲੋਂ ਕਰ ਦਿੱਤਾ ਗਿਆ ਹੈ,ਪਰ ਇਸ ਟ੍ਰੇਨ ਦਾ ਨਿਯਮਤ ਸਫਰ 10 ਨਵੰਬਰ ਤੋਂ ਸ਼ੁਰੂ ਹੋਏਗਾ। ਸਵੇਰੇ 7 ਵੱਜ ਕੇ 55 ਮਿੰਟ ’ਤੇ ਫਿਰੋਜ਼ਪੁਰ ਤੋਂ ਚੱਲ ਕੇ ਦੁਪਹਿਰ 2 ਵੱਜ ਕੇ 35 ਮਿੰਟ ’ਤੇ ਦਿੱਤੀ ਪਹੁੰਚੇਗੀ। ਇਸ ਤੋਂ ਬਾਅਦ ਸ਼ਾਮ ਨੂੰ 4 ਵਜੇ ਦਿੱਲੀ ਤੋਂ ਚੱਲ ਕੇ ਰਾਤ 10 ਵੱਜ ਕੇ 35 ਮਿੰਟ ’ਤੇ ਫਿਰੋਜ਼ਪੁਰ ਵਾਪਸ ਪਹੁੰਚੇਗੀ। ਇਸ ਟ੍ਰੇਨ ਦਾ ਚੇਅਰ ਕਾਰ ਕਿਰਾਇਆ 1415 ਰੁਪਏ ਹੋਵੇਗੀ ਜਦਕਿ ਐਗਜ਼ੀਕਿਊਟਿਵ ਕਲਾਸ ਦਾ ਕਿਰਾਇਆ 2520 ਰੁਪਏ ਹੋਵੇਗਾ। ਹਫਤੇ ਵਿਚ 6 ਦਿਲ ਚੱਲਣ ਵਾਲੀ ਇਸ ਟ੍ਰੇਨ ਦਾ ਬੁੱਧਵਾਰ ਨੂੰ ਨਾਗਾ ਹੋਵੇਗਾ। 2023 |ਚ ਰਾਮੇਸ਼ਵਰਮ ਲਈ ਟਰੇਨ : ਰਾਣਾ ਸੋਢੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੂਨ 2024 ’ਚ ਨਾਂਦੇੜ ਸਾਹਿਬ ਤੇ ਹਰਿਦੁਆਰ ਲਈ ਟਰੇਨ, ਮੋਗਾ-ਨਵੀਂ ਦਿੱਲੀ ਐਕਸਪ੍ਰੈੱਸ ਦਾ ਫਿਰੋਜ਼ਪੁਰ ਤੋਂ ਸ਼ੁਰੂ ਹੋਣਾ ਅਤੇ ਚੰਡੀਗੜ੍ਹ ਟਰੇਨ ਦਾ ਮੁੜ ਚਾਲੂ ਹੋਣਾ ਇਹ ਸਾਰਾ ਕੇਂਦਰ ਸਰਕਾਰ ਦੀ ਲੋਕ-ਹਿਤੈਸ਼ੀ ਨੀਤੀਆਂ ਦਾ ਪ੍ਰਮਾਣ ਹੈ। ਉਨ੍ਹਾਂ ਨੇ ਕਿਹਾ ਕਿ ਉਹ ਨਿਰੰਤਰ ਕੇਂਦਰੀ ਮੰਤਰੀਆਂ ਨਾਲ ਮਿਲ ਕੇ ਫਿਰੋਜ਼ਪੁਰ ਦੇ ਵਿਕਾਸ ਪ੍ਰੋਜੈਕਟਾਂ ਨੂੰ ਅੱਗੇ ਵਧਾ ਰਹੇ ਹਨ। ਰਾਣਾ ਸੋਢੀ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਅਤੇ ਫਿਰੋਜ਼ਪੁਰ ਦੀ ਜਨਤਾ ਵਿਚਕਾਰ ਇਕ ਮਜ਼ਬੂਤ ਪੁਲ ਵਜੋਂ ਕੰਮ ਕਰ ਰਹੇ ਹਨ ਅਤੇ ਆਪਣੀ ਜਨਮਭੂਮੀ ਨੂੰ ਕਰਮਭੂਮੀ ਬਣਾਕੇ ਖੇਤਰ ਨੂੰ ਵਿਕਾਸ ਦੀ ਨਵੀਂ ਦਿਸ਼ਾ ਦੇਣ ਲਈ ਵਚਨਬੱਧ ਹਨ। ਉਨ੍ਹਾਂ ਨੇ ਕਿਹਾ 5 ਜਨਵਰੀ 2022 ਨੂੰ ਜਦੋਂ ਪ੍ਰਧਾਨ ਮੰਤਰੀ ਮੋਦੀ ਫਿਰੋਜ਼ਪੁਰ ਆ ਰਹੇ ਸਨ, ਤਾਂ ਕੁਝ ਸਮਾਜ ਵਿਰੋਧੀ ਤੱਤਾਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਸੀ, ਜਿਸ ਕਾਰਨ ਪੰਜਾਬ ਦੇ ਵਿਕਾਸ ਨੂੰ ਝਟਕਾ ਲੱਗਾ ਸੀ। ਉਹ ਲੋਕ ਕਿਸਾਨ ਨਹੀਂ ਸਗੋਂ ਕਾਂਗਰਸ ਦੇ ਗੁੰਡੇ ਸਨ।