ਫਾਜ਼ਿਲਕਾ ’ਚ ਪ੍ਰੀ-ਲੋਕ ਅਦਾਲਤ ਦੀ ਸ਼ੁਰੂਆਤ
ਸੁਪਰੀਮ ਕੋਰਟ ਦੀ ਵਿਸ਼ੇਸ਼ ਲੋਕ ਅਦਾਲਤ “ਸਮਾਧਾਨ ਸਮਾਰੋਹ” ਲਈ ਫਾਜ਼ਿਲਕਾ ਵਿੱਚ ਪ੍ਰੀ-ਲੋਕ ਅਦਾਲਤ ਦੀ ਸ਼ੁਰੂਆਤ
Publish Date: Mon, 18 May 2026 04:46 PM (IST)
Updated Date: Mon, 18 May 2026 04:48 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਅਗਸਤ 2026 ਦੌਰਾਨ ਲਗਾਈ ਜਾਣ ਵਾਲੀ ਵਿਸ਼ੇਸ਼ ਲੋਕ ਅਦਾਲਤ ‘ਸਮਾਧਾਨ ਸਮਾਰੋਹ’ ਦੇ ਮੱਦੇਨਜ਼ਰ ਜ਼ਿਲ੍ਹਾ ਅਤੇ ਸਬ-ਡਿਵੀਜ਼ਨ ਪੱਧਰ ‘ਤੇ ਪ੍ਰੀ-ਲੋਕ ਅਦਾਲਤਾਂ ਦਾ ਆਯੋਜਨ ਸ਼ੁਰੂ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਧਰਮਿੰਦਰ ਪਾਲ ਸਿੰਗਲਾ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ “ਸਮਾਧਾਨ ਤੁਹਾਡੇ ਦੁਆਰ” ਮੁਹਿੰਮ ਤਹਿਤ 21 ਅਪ੍ਰੈਲ 2026 ਤੋਂ ਸਮਝੌਤਾ ਯੋਗ ਅਤੇ ਲੰਬਿਤ ਮਾਮਲਿਆਂ ਨੂੰ ਆਪਸੀ ਸਹਿਮਤੀ ਨਾਲ ਨਿਪਟਾਉਣ ਲਈ ਪ੍ਰੀ-ਲੋਕ ਅਦਾਲਤਾਂ ਲਗਾਈਆਂ ਜਾ ਰਹੀਆਂ ਹਨ, ਤਾਂ ਜੋ ਅਗਸਤ 2026 ਵਿੱਚ ਹੋਣ ਵਾਲੀ ਵਿਸ਼ੇਸ਼ ਲੋਕ ਅਦਾਲਤ ਦੌਰਾਨ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਜਾ ਸਕੇ। ਸਿੰਗਲਾ ਨੇ ਕਿਹਾ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪ੍ਰਾਪਤ ਸੂਚੀ ਅਨੁਸਾਰ ਉਹਨਾਂ ਪੱਖਕਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦੇ ਮਾਮਲੇ ਮਾਣਯੋਗ ਸੁਪਰੀਮ ਕੋਰਟ ਵਿੱਚ ਲੰਬਿਤ ਹਨ। ਇਨ੍ਹਾਂ ਮਾਮਲਿਆਂ ਦੇ ਸਹਿਮਤੀ ਆਧਾਰਿਤ ਅਤੇ ਸੁਚੱਜੇ ਨਿਪਟਾਰੇ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਵਿਖੇ ਪ੍ਰੀ-ਲੋਕ ਅਦਾਲਤਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਅਦਾਲਤਾਂ ਰਾਹੀਂ ਮਾਮਲਿਆਂ ਦਾ ਜਲਦੀ ਨਿਪਟਾਰਾ ਹੋਣ ਨਾਲ ਸਮਾਂ ਅਤੇ ਖਰਚ ਦੋਵਾਂ ਦੀ ਬਚਤ ਹੁੰਦੀ ਹੈ। ਨਾਲ ਹੀ ਪੱਖਕਾਰਾਂ ਵਿਚਕਾਰ ਆਪਸੀ ਭਰੋਸਾ ਅਤੇ ਸਹਿਯੋਗ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਲੋਕ ਅਦਾਲਤ ਦੇ ਫੈਸਲੇ ਨੂੰ ਅਦਾਲਤੀ ਡਿਕਰੀ ਦੇ ਬਰਾਬਰ ਮੰਨਿਆ ਜਾਂਦਾ ਹੈ ਅਤੇ ਇਸ ਖ਼ਿਲਾਫ਼ ਕੋਈ ਅਪੀਲ ਨਹੀਂ ਹੁੰਦੀ।