ਜ਼ੀਰਾ ਮੰਡੀ ਵਿਚ ਲਿਫਟਿੰਗ ਦਾ ਮਾੜਾ ਹਾਲ
ਜ਼ੀਰਾ ਮੰਡੀ ਵਿਚ ਲਿਫਟਿੰਗ ਦਾ ਮਾੜਾ ਹਾਲ: ਬੀਕੇਯੂ ਕ੍ਰਾਂਤੀਕਾਰੀ
Publish Date: Sun, 03 May 2026 05:49 PM (IST)
Updated Date: Mon, 04 May 2026 04:09 AM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਆਗੂ ਗੁਲਜ਼ਾਰ ਸਿੰਘ ਗੋਗੋਆਣੀ ਨੇ ਆਖਿਆ ਕਿ ਜ਼ੀਰਾ ਦਾਣਾ ਮੰਡੀ ਤੇ ਨਾਲ ਲੱਗਦੀਆਂ ਬਰਾਂਚਾਂ ਵਿਚ ਲਿਫਟਿੰਗ ਨਾ ਹੋਣ ਕਾਰਨ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ, ਜਿਸ ਦੀ ਸਭ ਤੋਂ ਵੱਡੀ ਮਾਰ ਮਜ਼ਦੂਰਾਂ ਤੇ ਆੜ੍ਹਤੀਆਂ ਤੇ ਪੈ ਰਹੀ ਹੈ, ਕਿਉਂਕਿ ਮਜ਼ਦੂਰ ਸੀਜ਼ਨ ਦਾ ਠੇਕਾ ਕਰ ਕੇ ਮੰਡੀਆਂ ਵਿਚ ਕੰਮ ਕਰਦੇ ਹਨ ਤੇ ਬੋਰੀਆਂ ਚੱਕਣ ਤੱਕ ਮਜ਼ਦੂਰਾਂ ਦਾ ਸੀਜ਼ਨ ਸਮਝਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲਿਫਟਿੰਗ ਨਾ ਹੋਣ ਕਾਰਨ ਜਿੱਥੇ ਕਿਸਾਨ ਮਜ਼ਦੂਰ ਮੰਡੀਆਂ ਵਿਚ ਫਸ ਗਏ ਹਨ, ਉੱਥੇ ਹੀ ਆੜ੍ਹਤੀਆਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਕਣਕ ਦੀ ਖਰੀਦ ਹੋ ਚੁੱਕੀ ਹੈ ਪਰ ਜਿੰਨੀ ਦੇਰ ਬੋਰੀਆਂ ਚੁੱਕੀਆਂ ਨਹੀਂ ਜਾਂਦੀਆਂ ਉਨ੍ਹਾਂ ਚਿਰ ਸਾਰੀ ਜ਼ਿੰਮੇਵਾਰੀ ਆੜ੍ਹਤੀਆਂ ਦੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਟਰੱਕ ਅਪਰੇਟਰ ਮਨ ਮਰਜ਼ੀ ਕਰਦੇ ਹਨ ਜੋ ਆਮ ਕਰਾਏ ਨਾਲੋਂ ਜ਼ਿਆਦਾ ਪੈਸੇ ਮੰਗ ਰਹੇ ਹਨ। ਲੁਹਾਈ ਕਰਨ ਵਾਲੀ ਲੇਬਰ ਵੀ ਜ਼ਿਆਦਾ ਮਿਹਨਤਾਨਾ ਮੰਗ ਰਹੀ ਹੈ, ਜਿਸ ਕਾਰਨ ਆੜ੍ਹਤੀਏ ਚਾਰੇ ਪਾਸੇ ਤੋਂ ਨੁਕਸਾਨ ਝੱਲ ਰਹੇ ਹਨ। ਕਿਸਾਨ ਆਗੂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਦੀ ਚੁਕਾਈ ਦੀ ਸਮੱਸਿਆ ਦਾ ਫੌਰੀ ਤੌਰ ’ਤੇ ਹੱਲ ਕੀਤਾ ਜਾਵੇ।