ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਲੱਗੇ ਗੰਦਗੀ ਦੇ ਢੇਰ
ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰਾਂ ਤੇ ਕਸਬਿਆਂ ਵਿਚ ਲੱਗੇ ਗੰਦਗੀ ਦੇ ਢੇਰ
Publish Date: Sat, 16 May 2026 04:27 PM (IST)
Updated Date: Sat, 16 May 2026 04:30 PM (IST)

ਬਗੀਚਾ ਸਿੰਘ ਪੰਜਾਬੀ ਜਾਗਰਣ ਮਮਦੋਟ : ਪਿਛਲੇ ਕਰੀਬ ਇਕ ਹਫਤੇ ਤੋਂ ਸ਼ਹਿਰਾਂ ਅਤੇ ਕਸਬਿਆਂ ਵਿਚ ਕੰਮ ਕਰਦੇ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿਢਿਆ ਹੋਇਆ ਹੈ ਜਿਸ ਕਾਰਨ ਸ਼ਹਿਰਾਂ ਅਤੇ ਕਸਬਿਆਂ ਵਿਚ ਜਗ੍ਹਾ ਜਗ੍ਹਾ ਬਦਬੂ ਮਾਰਦੇ ਗੰਦਗੀ ਦੇ ਢੇਰ ਦੇਖਣ ਨੂੰ ਮਿਲ ਰਹੇ ਹਨ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਫਾਈ ਸੇਵਕਾਂ ਦੀਆਂ ਮੰਗਾਂ ਤੇ ਵਿਚਾਰ ਕਰਦੇ ਹੋਏ ਇਸ ਹੜਤਾਲ ਨੂੰ ਖਤਮ ਕਰਨ ਲਈ ਜਲਦ ਤੋਂ ਜਲਦ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ । ਇਸ ਗੱਲ ਦਾ ਪ੍ਰਗਟਾਵਾ ਅਧਿਕਾਰ ਸੰਘਰਸ਼ ਪਾਰਟੀ ਦੇ ਸੀਨੀਅਰ ਵਾਇਸ ਪ੍ਰਧਾਨ ਪੰਜਾਬ ਸਤਿੰਦਰ ਕੌਰ ਧਾਲੀਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਪੰਜਾਬ ਦੇ ਵੱਖ ਵੱਖ ਮਹਿਕਮਿਆਂ ਵਿਚ ਕੰਮ ਕਰਦੇ ਸਫ਼ਾਈ ਕਾਮੇ ਹੜਤਾਲ ਤੇ ਬੈਠੇ ਹਨ। ਹੜਤਾਲ ਕਾਰਨ ਸ਼ਹਿਰਾਂ ਅਤੇ ਕਸਬਿਆਂ ਵਿਚ ਗੰਦ ਦੇ ਢੇਰ ਲੱਗੇ ਹੋਏ ਹਨ ਅਤੇ ਲੋਕਾਂ ਦਾ ਜੀਣਾਂ ਮੋਹਾਲ ਹੋਇਆ ਪਿਆ ਹੈ ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ।ਮਨੁੱਖੀ ਅਧਿਕਾਰਾਂ ਦੇ ਨਾਤੇ ਅਸੀਂ ਉਨਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦੇ ਹਾਂ। ਮਾਨ ਸਰਕਾਰ ਸਫ਼ਾਈ ਕਾਮਿਆਂ ਨੂੰ ਰੈਗੂਲਰ ਕਰਕੇ ਇਨ੍ਹਾਂ ਦੀ ਪੋਸਟ ਨੂੰ ਟੈਕਨੀਕਲ ਐਲਾਨ ਕਰੇ। ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ। ਸਫ਼ਾਈ ਕਰਮਚਾਰੀਆਂ ਦਾ ਮੈਨੁਅਲੀ ਕੰਮ ਮੁਕੰਮਲ ਤੌਰ ’ਤੇ ਬੰਦ ਕੀਤਾ ਜਾਵੇ, ਉਨਾਂ ਦੇ ਸਾਰੇ ਕੰਮ ਦਾ ਮਸ਼ੀਨੀਕਰਨ ਕੀਤਾ ਜਾਵੇ। ਜੇਕਰ ਉਨ੍ਹਾਂ ਦੇ ਮਸਲੇ ਹੱਲ ਨਹੀਂ ਹੁੰਦੇ ਤਾਂ 2027 ਵਿਚ ਅਧਿਕਾਰ ਸੰਘਰਸ਼ ਪਾਰਟੀ ਦੀ ਸਰਕਾਰ ਬਣਨ ਤੇ ਸਾਰੇ ਮੁਲਾਜ਼ਮਾਂ ਦੇ ਮਸਲੇ ਭਾਵੇਂ ਡੀ.ਏ ਦਾ ਬਕਾਇਆ, ਤਨਖਾਹਾਂ ਦਾ ਬਕਾਇਆ,ਕੱਚੇ/ਆਊਟ ਸੋਰਸਿੰਗ ਰੈਗੂਲਰ ਕਰਨ ਜਾ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਮਾਮਲਾ , ਤਮਾਮ ਸਾਰੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ।