ਪੀਐੱਚਸੀ ਕੱਸੋਆਣਾ ’ਚ ਮਲੇਰੀਆ ਤੋਂ ਬਚਾਅ ਬਾਰੇ ਕੀਤਾ ਜਾਗਰੂਕ
ਪੀਐੱਚਸੀ ਕੱਸੋਆਣਾ ਵੱਲੋਂ ਵਿਸ਼ਵ ਮਲੇਰੀਆ ਦਿਵਸ ਤੇ ਜਾਗਰੂਕਤਾ ਸੈਮੀਨਾਰ ਲਗਾਏ ਗਏ
Publish Date: Sun, 26 Apr 2026 03:31 PM (IST)
Updated Date: Mon, 27 Apr 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ: ਸਿਵਲ ਸਰਜਨ ਫਿਰੋਜ਼ਪੁਰ ਡਾ. ਮੀਨਾਕਸ਼ੀ ਢੀਂਗਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਨਵੀਨ ਸੇਠੀ ਦੀ ਅਗਵਾਈ ਹੇਠ ਬਲਾਕ ਪੀਐੱਚਸੀ ਕੱਸੋਆਣਾ ਅਧੀਨ ਪੈਂਦੇ ਸਿਹਤ ਕੇਂਦਰਾਂ ਵਿੱਚ ਮਲੇਰੀਆ ਬੁਖਾਰ ਨੂੰ ਜੜ੍ਹ ਤੋਂ ਖਤਮ ਕਰਨ ਅਤੇ ਲੋਕਾਂ ਨੂੰ ਇਸਦੇ ਕਾਰਨਾਂ ਤੇ ਇਲਾਜ ਸਬੰਧੀ ਜਾਗਰੂਕ ਕਰਨ ਲਈ ਵਿਸ਼ਵ ਮਲੇਰੀਆ ਦਿਵਸ ਤੇ ਜਾਗਰੂਕਤਾ ਸੈਮੀਨਾਰ ਲਗਾਏ ਗਏ। ਇਸ ਦੌਰਾਨ ਸਿਹਤ ਵਰਕਰਾਂ ਵੱਲੋਂ ਲੋਕਾਂ ਨੂੰ ਮਲੇਰੀਆ ਬੁਖਾਰ ਤੋਂ ਬਚਣ ਲਈ ਜਾਣਕਾਰੀ ਦਿੱਤੀ ਗਈ ।ਇਸ ਮੌਕੇ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਠੱਠਾ ਕਿਸ਼ਨ ਸਿੰਘ ਦੇ ਭੱਠਿਆਂ ਵਿੱਚ ਮਾਈਗਰੇਟਰੀ ਪਾਪੂਲੇਸ਼ਨ ਨੂੰ ਜਾਗਰੂਕ ਕਰਨ ਲਈ ਸਪੈਸ਼ਲ ਕੈਂਪ ਲਗਾਇਆ।ਇਸ ਦੌਰਾਨ ਡਾ. ਕਰਨਬੀਰ ਸਿੰਘ ਅਤੇ ਵਿਕਰਮਜੀਤ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨਫਲਾਈਜ ਮੱਛਰ ਦੇ ਕੱਟਣ ਨਾਲ ਫੈਲਦਾ, ਇਹ ਮੱਛਰ ਖੜ੍ਹੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ। ਇਹ ਮੱਛਰ ਸਵੇਰ ਤੇ ਸ਼ਾਮ ਦੇ ਸਮੇਂ ਕੱਟਦਾ ਹੈ, ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਘਰਾਂ ਦੇ ਦੁਆਲੇ ਤੇ ਗਲੀਆਂ ਵਿਚ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ।ਛੱਪੜਾਂ ਤੇ ਨਾਲੀਆਂ ਵਿੱਚ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ। ਕੱਪੜੇ ਅਜਿਹੇ ਪਹਿਨੇ ਜਾਣ ਕਿ ਪੂਰਾ ਸਰੀਰ ਢੱਕਿਆ ਰਹੇ,ਸੌਣ ਵੇਲੇ ਮੱਛਰਦਾਨੀ ਤੇ ਕਰੀਮਾਂ ਦੀ ਵਰਤੋਂ ਕੀਤੀ ਜਾਵੇ।ਉਨ੍ਹਾਂ ਦੱਸਿਆ ਕਿ
ਮਲੇਰੀਆ ਬੁਖਾਰ ਦੇ ਲੱਛਣ ਠੰਡ ਤੇ ਕਾਂਬੇ ਨਾਲ ਤੇਜ ਬੁਖਾਰ, ਸਿਰ ਦਰਦ ਹੋਣਾ ਆਦਿ ਹਨ। ਜੇਕਰ ਕਿਸੇ ਨੂੰ ਬੁਖਾਰ ਜਾਂ ਉਪਰੋਕਤ ਲੱਛਣ ਹੋਣ ਤਾਂ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਤੁਰੰਤ ਸੰਪਰਕ ਕੀਤਾ ਜਾਵੇ। ਮਲੇਰੀਆ ਬੁਖਾਰ ਦਾ ਟੈਸਟ ਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫਤ ਕੀਤਾ ਜਾਂਦਾ ਹੈ। ਸਿਹਤ ਵਰਕਰਾਂ ਵੱਲੋਂ ਹਰ ਹਫਤੇ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਇਆ ਜਾਂਦਾ ਹੈ। ਜਿਸ ਵਿੱਚ ਲੋਕਾਂ ਦੇ ਘਰਾਂ ਵਿਚ ਜਾ ਕੇ ਕੂਲਰ, ਫਰਿੱਜ ਗਮਲੇ ਆਦਿ ਦੀ ਸਫਾਈ ਦਾ ਧਿਆਨ ਦਿੱਤਾ ਜਾਂਦਾ ਹੈ। ਇਸ ਦੌਰਾਨ ਮਲਟੀ ਪਰਪਜ਼ ਵਰਕਰ ਦਵਿੰਦਰ ਸਿੰਘ, ਸਵਰਨਜੀਤ ਕੌਰ ਆਦਿ ਹਾਜ਼ਰ ਸਨ।