ਸਮੱਸਿਆਵਾਂ ਨੂੰ ਲੈ ਕੇ ਪੈਸਟੀਸਾਈਡ ਯੂਨੀਅਨ ਦੁਕਾਨਾਂ ਰੱਖੀਆਂ ਬੰਦ
ਪੈਸਟੀਸਾਈਡ ਯੂਨੀਅਨ ਵੱਲੋਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਦੁਕਾਨਾਂ ਬੰਦ ਰੱਖੀਆਂ ਗਈਆਂ
Publish Date: Mon, 27 Apr 2026 05:41 PM (IST)
Updated Date: Mon, 27 Apr 2026 05:43 PM (IST)

ਗੌਰਵ ਗੌੜ ਜੌਲੀ ,ਪੰਜਾਬੀ ਜਾਗਰਣ ਜ਼ੀਰਾ: ਕੇਂਦਰ ਤੇ ਸੂਬਾ ਸਰਕਾਰ ਵੱਲੋਂ ਖਾਦ-ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ ਮੁਸ਼ਕਲਾਂ ਵੱਲ ਕੋਈ ਧਿਆਨ ਨਾ ਦੇਣ ਦੇ ਰੋਸ ਵਜੋਂ ਆਲ ਇੰਡੀਆ ਐਗਰੋ ਡੀਲਰ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਸੱਦੇ ਤਹਿਤ ਆਪਣਾ ਕਾਰੋਬਾਰ ਬੰਦ ਰੱਖ ਕੇ ਸਰਕਾਰ ਵਿਰੁੱਧ ਰੋਸ ਜਾਹਿਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਸਟੀਸਾਈਡ ਯੂਨੀਅਨ ਜ਼ੀਰਾ ਦੇ ਪ੍ਰਧਾਨ ਇੰਦਰਜੀਤ ਸਿੰਘ ਬੁੱਟਰ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਹੈ ਕੇ ਖਾਦ ਦੇ ਨਾਲ ਹੋਰ ਬੇਲੋੜੀ ਸਮੱਗਰੀ ਨੂੰ ਦੁਕਾਨਦਾਰਾਂ ਨੂੰ ਧੱਕੇ ਨਾਲ ਭੇਜਣਾ ਬੰਦ ਕੀਤਾ ਜਾਵੇ, ਖਾਦਾਂ ਨੂੰ ਬਿਨਾਂ ਕਿਸੇ ਵਾਧੂ ਖ਼ਰਚੇ ਦੇ ਦੁਕਾਨਦਾਰਾਂ ਤੱਕ ਮੁਹੱਈਆ ਕਰਵਾਇਆ ਜਾਵੇ, ਡੀਲਰ ਲਈ ਖਾਦ ਦੇ ਮਾਰਜਨ ਵਿੱਚ ਵਾਧਾ ਕੀਤਾ ਜਾਵੇ,ਖਾਦ ਦੀ ਵਿਕਰੀ ਲਈ ਲਿਆਂਦੀ ਜਾ ਰਹੀ ਈ- ਟੋਕਨ ਪ੍ਰਨਾਲੀ ਬੰਦ ਕੀਤੀ ਜਾਵੇ, ਇਸ ਤੋਂ ਇਲਾਵਾ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੇ ਨਮੂਨੇ ਗੈਰ ਮਿਆਰੀ ਆਉਣ ਤੇ ਸਿਰਫ਼ ਉਤਪਾਦ ਬਣਾਉਣ ਵਾਲੀ ਕੰਪਨੀ ਉੱਪਰ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਡੀਲਰ ਨੂੰ ਸਿਰਫ਼ ਗਵਾਹ ਦੇ ਤੌਰ ਤੇ ਰੱਖਿਆ ਜਾਵੇ। ਆਗੂਆਂ ਨੇ ਦੱਸਿਆ ਕਿ ਜੇਕਰ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਇਸ ਤੋਂ ਬਾਅਦ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਇੰਦਰਜੀਤ ਸਿੰਘ ਬੁੱਟਰ ਪ੍ਰਧਾਨ ਪੈਸਟੀਸਾਈਡ ਐਂਡ ਫਰਟੀਲਾਈਜ਼ਰ ਯੂਨੀਅਨ ਜ਼ੀਰਾ, ਸਰਪ੍ਰਸਤ ਹਾਕਮ ਸਿੰਘ,ਮੀਤ ਪ੍ਰਧਾਨ ਮਨਦੀਪ ਸਿੰਘ ਸਰਾਂ, ਸੈਕਟਰੀ ਦਵਿੰਦਰ ਕੁਮਾਰ ਨੰਦਾ, ਕੈਸ਼ੀਅਰ ਪੂਰਨ ਸਿੰਘ ਅਰੋੜਾ,ਸਲਾਹਕਾਰ ਹਰਿੰਦਰ ਸਿੰਘ ਛਾਬੜਾ, ਸਰਬਜੀਤ ਸਿੰਘ ਢਿੱਲੋਂ, ਵਿਸ਼ਾਲ ਬਾਂਸਲ, ਤਜਿੰਦਰ ਸਿੰਘ ਅਰੋੜਾ,ਪ੍ਰਿੰਸ ਅਰੋੜਾ ਆਦਿ ਹਾਜ਼ਰ ਸਨ।