ਫਾਜ਼ਿਲਕਾ 'ਚ ਭਿਆਨਕ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਤੇਜ਼ ਹਵਾਵਾਂ ਨਾਲ ਬਰਸਾਤ ਸ਼ੁਰੂ
ਫਾਜ਼ਿਲਕਾ ਜ਼ਿਲ੍ਹੇ ਵਿੱਚ ਵੀਰਵਾਰ ਸ਼ਾਮ ਅਚਾਨਕ ਮੌਸਮ ਨੇ ਕਰਵਟ ਲੈ ਲਈ, ਜਿਸ ਨਾਲ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤਪਦੀ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ। ਦੁਪਹਿਰ ਤੱਕ ਜਿੱਥੇ ਤੇਜ਼ ਧੁੱਪ ਅਤੇ ਲੂ ਕਾਰਨ ਲੋਕ ਪਰੇਸ਼ਾਨ ਨਜ਼ਰ ਆ ਰਹੇ ਸਨ, ਉੱਥੇ ਹੀ ਸ਼ਾਮ ਵੱਲ ਆਸਮਾਨ ਵਿੱਚ ਕਾਲੇ ਬੱਦਲ ਛਾ ਗਏ ਅਤੇ ਠੰਢੀਆਂ ਹਵਾਵਾਂ ਚੱਲਣ ਲੱਗੀਆਂ।
Publish Date: Thu, 28 May 2026 09:05 PM (IST)
Updated Date: Thu, 28 May 2026 09:08 PM (IST)
ਰਿਤਿਸ਼ ਕੁੱਕੜ. ਪੰਜਾਬੀ ਜਾਗਰਣ, ਫਾਜ਼ਿਲਕਾ: ਫਾਜ਼ਿਲਕਾ ਜ਼ਿਲ੍ਹੇ ਵਿੱਚ ਵੀਰਵਾਰ ਸ਼ਾਮ ਅਚਾਨਕ ਮੌਸਮ ਨੇ ਕਰਵਟ ਲੈ ਲਈ, ਜਿਸ ਨਾਲ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤਪਦੀ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ। ਦੁਪਹਿਰ ਤੱਕ ਜਿੱਥੇ ਤੇਜ਼ ਧੁੱਪ ਅਤੇ ਲੂ ਕਾਰਨ ਲੋਕ ਪਰੇਸ਼ਾਨ ਨਜ਼ਰ ਆ ਰਹੇ ਸਨ, ਉੱਥੇ ਹੀ ਸ਼ਾਮ ਵੱਲ ਆਸਮਾਨ ਵਿੱਚ ਕਾਲੇ ਬੱਦਲ ਛਾ ਗਏ ਅਤੇ ਠੰਢੀਆਂ ਹਵਾਵਾਂ ਚੱਲਣ ਲੱਗੀਆਂ।
ਮੌਸਮ ਦੇ ਅਚਾਨਕ ਬਦਲੇ ਰੂਪ ਕਾਰਨ ਸ਼ਹਿਰ ਅਤੇ ਪਿੰਡਾਂ ਵਿੱਚ ਲੋਕਾਂ ਨੇ ਸੁਖ ਦਾ ਸਾਹ ਲਿਆ। ਕਈ ਇਲਾਕਿਆਂ ਵਿੱਚ ਹਲਕੀ ਬੂੰਦਾਬਾਂਦੀ ਵੀ ਦਰਜ ਕੀਤੀ ਗਈ, ਜਿਸ ਨਾਲ ਮੌਸਮ ਸੁਹਾਵਣਾ ਬਣ ਗਿਆ। ਤੇਜ਼ ਹਵਾਵਾਂ ਚੱਲਣ ਕਾਰਨ ਤਾਪਮਾਨ ਵਿੱਚ ਵੀ ਕਮੀ ਮਹਿਸੂਸ ਕੀਤੀ ਗਈ। ਸ਼ਾਮ ਸਮੇਂ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਠੰਢੀ ਹਵਾ ਦਾ ਆਨੰਦ ਲੈਂਦੇ ਨਜ਼ਰ ਆਏ।
ਇਸ ਮੌਸਮੀ ਬਦਲਾਅ ਦਾ ਸਭ ਤੋਂ ਵੱਧ ਅਸਰ ਕਿਸਾਨਾਂ ਵਿੱਚ ਦੇਖਣ ਨੂੰ ਮਿਲਿਆ। ਕਿਸਾਨਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਵੱਧ ਰਹੀ ਗਰਮੀ ਕਾਰਨ ਫਸਲਾਂ ਅਤੇ ਸਬਜ਼ੀਆਂ ’ਤੇ ਅਸਰ ਪੈ ਰਿਹਾ ਸੀ, ਪਰ ਹੁਣ ਮੌਸਮ ਠੰਢਾ ਹੋਣ ਨਾਲ ਕੁਝ ਰਾਹਤ ਮਿਲੇਗੀ।
ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਤੇਜ਼ ਹਵਾਵਾਂ ਅਤੇ ਹਲਕੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।