ਫਾਜ਼ਿਲਕਾ ਤਹਿਸੀਲ ਵਿੱਚ ਗੰਦੇ ਬਾਥਰੂਮਾਂ ਕਾਰਨ ਲੋਕ ਪਰੇਸ਼ਾਨ
ਫਾਜ਼ਿਲਕਾ ਤਹਿਸੀਲ ਵਿੱਚ ਗੰਦੇ ਬਾਥਰੂਮਾਂ ਕਾਰਨ ਲੋਕ ਪਰੇਸ਼ਾਨ
Publish Date: Thu, 07 May 2026 06:24 PM (IST)
Updated Date: Fri, 08 May 2026 04:12 AM (IST)

ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਾਜ਼ਿਲਕਾ : ਫਾਜ਼ਿਲਕਾ ਦੀ ਤਹਿਸੀਲ ਵਿੱਚ ਬਾਥਰੂਮਾਂ ਦੀ ਮਾੜੀ ਹਾਲਤ ਕਾਰਨ ਤਹਿਸੀਲ ਅਤੇ ਸੁਵਿਧਾ ਕੇਂਦਰ ਵਿੱਚ ਕੰਮ ਕਰਾਉਣ ਆਉਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਤਹਿਸੀਲ ਅੰਦਰ ਬਣੇ ਬਾਥਰੂਮ ਬਹੁਤ ਗੰਦੇ ਪਏ ਹਨ। ਉਨ੍ਹਾਂ ਕਿਹਾ ਕਿ ਇੱਥੇ ਇੰਨੀ ਬਦਬੂ ਹੈ ਕਿ ਕੋਈ ਵੀ ਵਿਅਕਤੀ ਦੋ ਮਿੰਟ ਵੀ ਅੰਦਰ ਨਹੀਂ ਖੜ੍ਹ ਸਕਦਾ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਸੁਵਿਧਾ ਕੇਂਦਰ ਵਿੱਚ ਆਪਣੇ ਕੰਮ ਲਈ ਆਉਂਦੇ ਹਨ, ਜਦਕਿ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਲਈ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਤਹਿਸੀਲ ਪਹੁੰਚਦੀਆਂ ਹਨ। ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਦੀ ਵੀ ਢੰਗ ਦੀ ਸਹੂਲਤ ਮੌਜੂਦ ਨਹੀਂ। ਉਨ੍ਹਾਂ ਕਿਹਾ ਕਿ ਡੀਸੀ ਅਤੇ ਐੱਸਡੀਐੱਮ ਦੇ ਦਫ਼ਤਰ ਤਹਿਸੀਲ ਦੇ ਬਿਲਕੁਲ ਨੇੜੇ ਹੋਣ ਦੇ ਬਾਵਜੂਦ ਵੀ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਲਾਕਾ ਵਾਸੀਆਂ ਨੇ ਡੀਸੀ, ਐੱਸਡੀਐੱਮ ਅਤੇ ਤਹਿਸੀਲਦਾਰ ਕੋਲ ਮੰਗ ਕੀਤੀ ਹੈ ਕਿ ਲੈਟ੍ਰਿਨਾਂ ਅਤੇ ਬਾਥਰੂਮਾਂ ਦੀ ਤੁਰੰਤ ਸਫਾਈ ਕਰਵਾਈ ਜਾਵੇ ਅਤੇ ਪਾਣੀ ਦੀ ਢੁਕਵੀਂ ਵਿਵਸਥਾ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।