ਸੀਵਰੇਜ ਦਾ ਪਾਣੀ ਸੜਕ ਤੇ ਆਉਣ ਕਾਰਨ ਲੋਕ ਹਾਲੋ ਬੇਹਾਲ
ਸੀਵਰੇਜ ਦਾ ਪਾਣੀ ਸੜਕ ਤੇ ਆਉਣ ਕਾਰਨ ਲੋਕ ਹਾਲੋ ਬੇਹਾਲ
Publish Date: Wed, 06 May 2026 04:20 PM (IST)
Updated Date: Wed, 06 May 2026 04:23 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਫਿਰੋਜ਼ਪੁਰ : ਕਸਬਾ ਮਮਦੋਟ ਵਿਚ ਸੀਵਰੇਜ ਦੇ ਪਹਿਲੇ ਫੇਸ ਦਾ ਕੰਮ ਅਜੇ ਪੂਰੀ ਤਰਾਂ ਮੁਕੰਮਲ ਨਹੀਂ ਹੋਇਆ ਹੈ ਤੇ ਇਸ ਦੇ ਵਿਚ ਪਾਈਆਂ ਕਥਿਤ ਤੌਰ ’ਤੇ ਬੇਨਿਯਮੀਆਂ ਕਾਰਨ ਸੀਵਰੇਜ ਦਾ ਪਾਣੀ ਵਾਰਡ ਨੰਬਰ ਇਕ ਵਿਚ ਸਿਟੀ ਹਾਰਟ ਸਕੂਲ ਵਾਲੀ ਸੜਕ ਤੇ ਓਵਰਫਲੋ ਹੋਣ ਕਾਰਨ ਪਿਛਲੇ ਇਕ ਹਫਤੇ ਤੋਂ ਸਕੂਲ ਦੇ ਬੱਚਿਆਂ, ਸਟਾਫ ਅਤੇ ਇਸ ਸੜਕ ਤੋਂ ਲੰਘਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਪੰਚਾਇਤ ਮਮਦੋਟ ਵੱਲੋਂ ਇਸ ਪ੍ਰੇਸ਼ਾਨੀ ਤੋਂ ਪਿੰਡ ਵਾਸੀਆਂ ਨੂੰ ਨਿਜਾਤ ਦਿਵਾਉਣ ਲਈ ਫਿਰੋਜ਼ਪੁਰ ਤੋਂ ਵਿਸ਼ੇਸ਼ ਸੀਵਰ ਸਫਾਈ ਪ੍ਰੋਜੈਕਟ ਵਾਲੀ (ਸੀਵਰ ਜੈਟ ਮਸ਼ੀਨ) ਮੰਗਵਾ ਕੇ ਪਿਛਲੇ ਦੋ ਤਿੰਨ ਦਿਨ ਤੋਂ ਯਤਨ ਵੀ ਕੀਤੇ ਜਾ ਰਹੇ ਹਨ, ਪਰ ਇਸ ਦੇ ਵੀ ਅਜੇ ਕੋਈ ਵਧੀਆ ਨਤੀਜੇ ਸਾਹਮਣੇ ਨਹੀਂ ਆ ਰਹੇ ਤੇ ਕੱਲ ਫਿਰ ਸਕੂਲ ਦੇ ਮੁੱਖ ਗੇਟ ਦੇ ਸਾਹਮਣੇ ਬਣੇ ਸੀਵਰ ਹੋਲ ਤੋਂ ਪਾਣੀ ਓਵਰਫਲੋ ਹੋਣ ਕਾਰਨ ਸੇਮ ਨਾਲੇ ਤੋਂ ਪੁੱਲ ਤੋਂ ਲੈ ਕੇ ਸਕੂਲ ਦੇ ਗੇਟ ਤੱਕ ਸੜਕ ਤੇ ਪਾਣੀ ਭਰ ਗਿਆ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਜਗ੍ਹਾ ਤੇ ਕੋਈ ਵੀ ਕਨੈਕਸ਼ਨ ਨਹੀਂ ਕੀਤਾ ਗਿਆ, ਬਲਕਿ ਕਸਬੇ ਦਾ ਪਾਣੀ ਸੀਵਰ ਦੇ ਅੰਦਰੋ ਅੱਗੋਂ ਕਿਤੋਂ ਬੰਦ ਹੋਣ ਕਾਰਨ ਇਥੇ ਆ ਕੇ ਓਵਰਫਲੋ ਹੋ ਜਾਂਦਾ ਹੈ ਤੇ ਇਸ ਪ੍ਰੇਸ਼ਾਨੀ ਤੋਂ ਬਚਣ ਲਈ ਉਹ ਹੁਣ ਤੱਕ ਸੜਕ ਤੇ ਕਰੀਬ 15 ਟਰਾਲੀਆਂ ਮਿੱਟੀ ਪਾ ਚੁੱਕੇ ਹਨ, ਪਰ ਸਮੱਸਿਆ ਦਾ ਫਿਰ ਵੀ ਕੋਈ ਹੱਲ ਨਹੀਂ ਹੋ ਰਿਹਾ। ਇਸ ਸਬੰਧੀ ਜਾਣਕਾਰੀ ਮਿਲਣ ਤੇ ਕਸਬਾ ਵਾਸੀਆਂ ਦਾ ਰੋਹ ਨੂੰ ਵੇਖਦੇ ਹੋਏ ਐੱਸਡੀਓ ਗੁਲਸ਼ਨ ਕੁਮਾਰ ਅਤੇ ਨਗਰ ਪੰਚਾਇਤ ਮਮਦੋਟ ਦੀ ਟੀਮ ਵੱਲੋਂ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ ਗਿਆ ਅਤੇ ਇਸ ਦੇ ਹੱਲ ਲਈ ਸੁਝਾ ਲਏ ਗਏ। ਇਸ ਮੌਕੇ ਗੱਲਬਾਤ ਕਰਦਿਆਂ ਐੱਸਡੀਓ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਕੁਝ ਤਕਨੀਕੀ ਨੁਕਸ ਕਾਰਨ ਇਹ ਸੀਵਰਹੋਲ ਤੋਂ ਪਾਣੀ ਓਵਰਫਲੋ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਸੀਵਰ ਵਿਚ ਪਏ ਨੁਕਸ ਨੂੰ ਦੂਰ ਕਰ ਦਿੱਤਾ ਗਿਆ ਹੈ, ਅੱਗੇ ਤੋਂ ਅਜਿਹੀ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਗੁਲਸ਼ਨ ਕੁਮਾਰ ਨੇ ਵਿਸ਼ਵਾਸ ਦਿਵਾਇਆ ਕਿ ਜੇਕਰ ਪਿੰਡ ਵਾਸੀਆਂ ਨੂੰ ਸੀਵਰ ਸਬੰਧੀ ਕੋਈ ਵੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਕੁਝ ਘੰਟਿਆਂ ਵਿਚ ਹੀ ਆਪਣੀ ਟੀਮ ਫਿਰ ਭੇਜ ਕੇ ਸਮੱਸਿਆ ਦਾ ਹੱਲ ਕਰਵਾਉਣਗੇ। ਇਸ ਮੌਕੇ ਬਲਰਾਜ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਓਪਿੰਦਰ ਸਿੰਘ ਸਿੰਧੀ ਪ੍ਰਧਾਨ ਨਗਰ ਪੰਚਾਇਤ ਮਮਦੋਟ, ਹਰਜਿੰਦਰ ਸਿੰਘ ਸਿੰਧੀ, ਸੁਰਿੰਦਰ ਕੁਮਾਰ ਸੋਨੂੰ ਸੇਠੀ ਐੱਮ ਸੀ, ਹਰਸਿਮਰਨ ਸਿੰਘ ਬਾਵਾ, ਮਨਜੀਤ ਸਿੰਘ ਜੀਰੇ ਵਾਲੇ ਵਾਰਡ ਨੰਬਰ ਇਕ, ਸੰਦੀਪ ਕੁਮਾਰ ਸੋਨੀ, ਤਰਸੇਮ ਸਿੰਘ ਸੋਨੂੰ ਛੱਪੜ ਸਮੇਤ ਕਾਫੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।