ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਜਾਰੀ, ਕੂੜੇ ਦੇ ਢੇਰਾਂ ਨੇ ਵਧਾਈ ਮੁਸੀਬਤ
ਫਾਜ਼ਿਲਕਾ ਵਿੱਚ ਥਾਂ-ਥਾਂ ਲੱਗੇ ਕਚਰੇ ਦੇ ਢੇਰਾਂ ਨਾਲ ਲੋਕ ਪਰੇਸ਼ਾਨ, ਆਬੋ-ਹਵਾ ਹੋ ਰਹੀ ਦੂਸ਼ਿਤ
Publish Date: Wed, 20 May 2026 03:47 PM (IST)
Updated Date: Wed, 20 May 2026 03:49 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਸ਼ਹਿਰ ਵਿੱਚ ਸਫਾਈ ਕਰਮਚਾਰੀਆਂ ਦੀ ਹੜਤਾਲ 14ਵੇਂ ਦਿਨ ਵਿੱਚ ਦਾਖਲ ਹੋਣ ਕਾਰਨ ਥਾਂ-ਥਾਂ ਕੂੜੇ ਦੇ ਢੇਰ ਲੱਗ ਗਏ ਹਨ। ਸ਼ਹਿਰ ਦੇ ਮੁੱਖ ਬਾਜ਼ਾਰਾਂ, ਗਲੀਆਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਗੰਦਗੀ ਦੇ ਅੰਬਾਰ ਲੱਗਣ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੂੜੇ ਦੇ ਢੇਰਾਂ ਤੋਂ ਉੱਠ ਰਹੀ ਬਦਬੂ ਕਾਰਨ ਆਬੋ-ਹਵਾ ਦੂਸ਼ਿਤ ਹੋ ਰਹੀ ਹੈ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵੱਧ ਗਿਆ ਹੈ। ਸਫਾਈ ਕਰਮਚਾਰੀਆਂ ਦੀ ਹੜਤਾਲ 14ਵੇਂ ਦਿਨ ‘ਚ ਫਾਜ਼ਿਲਕਾ ਨਗਰ ਕੌਂਸਲ ਵਿਖੇ ਧਰਨਾ ਜਾਰੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਹੋਇਆਂ ਸਫਾਈ ਸੇਵਕ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਫਤਿਹ ਚੰਦ, ਜਿਲ੍ਹਾ ਪ੍ਰਧਾਨ ਸੁਭਾਸ਼ ਚੰਦ,ਬਲਾਕ ਪ੍ਰਧਾਨ ਸੁਸ਼ੀਲ ਉਜੀਨ ਵਾਲ, ਪ੍ਰਧਾਨ ਲਵਲੀ ਵਾਲਮੀਕੀ ਅਤੇ ਪ੍ਰਧਾਨ ਬੰਟੀ ਕਾਗੜਾ,ਨਟਵਰ ਲਾਲ ,ਵਿਨੈ ਪਰਵਾਨਾ ਨੇ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਅਸਥਾਈ ਕਰਮਚਾਰੀਆਂ ਨੂੰ ਨਿਯਮਤ ਕਰਨਾ ਅਤੇ ਠੇਕਾ ਅਤੇ ਸੁਸਾਇਟੀ ਪ੍ਰਣਾਲੀ ਨੂੰ ਖਤਮ ਕਰਨਾ ਸ਼ਾਮਲ ਹੈ। ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਮੁਕੇਸ਼ ਸੋਨੀ ਨੇ ਕਿਹਾ ਕਿ ਹੜਤਾਲ ਪੂਰੇ ਪੰਜਾਬ ਵਿੱਚ ਜਾਰੀ ਹੈ। ਪੰਜਾਬ ਦੀਆਂ 124 ਨਗਰ ਕੌਂਸਲਾਂ ਅਤੇ ਨੌਂ ਨਗਰ ਨਿਗਮਾਂ ਦੇ ਲਗਭਗ 20,000 ਸਫਾਈ ਕਰਮਚਾਰੀ ਹੜਤਾਲ ਤੇ ਹਨ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਫਾਈ ਪ੍ਰਬੰਧ ਜਲਦ ਤੋਂ ਜਲਦ ਬਹਾਲ ਕਰਕੇ ਸ਼ਹਿਰ ਨੂੰ ਗੰਦਗੀ ਤੋਂ ਮੁਕਤ ਕਰਵਾਇਆ ਜਾਵੇ।