ਜੀਵਨ ਪ੍ਰਮਾਣ 31 ਮਾਰਚ ਤੋਂ ਪਹਿਲਾਂ ਕਰਵਾਓ ਜਮ੍ਹਾਂ
ਪੈਨਸ਼ਨਰ ਆਪਣਾ ਡਿਜੀਟਲ ਲਾਈਫ ਸਰਟੀਫਿਕੇਟ (ਜੀਵਨ ਪ੍ਰਮਾਣ) 31 ਮਾਰਚ 2026 ਤੋਂ ਪਹਿਲਾਂ ਜਮ੍ਹਾ ਕਰਵਾਉਣ : ਜ਼ਿਲ੍ਹਾ ਖਜ਼ਾਨਾ ਅਫ਼ਸਰ
Publish Date: Sun, 15 Mar 2026 05:19 PM (IST)
Updated Date: Sun, 15 Mar 2026 05:21 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੰਜਾਬ ਸਰਕਾਰ ਵੱਲੋਂ ਸੇਵਾ-ਮੁਕਤ ਪੈਨਸ਼ਨਰਾਂ ਦੀ ਸਹੂਲਤ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਲਾਈਫ ਸਰਟੀਫਿਕੇਟ (ਜੀਵਨ ਪ੍ਰਮਾਣ) ਜਮ੍ਹਾ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖਜ਼ਾਨਾ ਅਫ਼ਸਰ ਤਜਿੰਦਰ ਸਿੰਘ ਨੇ ਦੱਸਿਆ ਕਿ ਕਈ ਪੈਨਸ਼ਨਰਾਂ ਵੱਲੋਂ ਅਜੇ ਵੀ ਬੈਂਕਾਂ ਵਿਚ ਮੈਨੁਅਲ ਲਾਈਫ ਸਰਟੀਫਿਕੇਟ ਜਮ੍ਹਾ ਕਰਵਾਏ ਜਾ ਰਹੇ ਹਨ, ਜੋ ਕਿ ਹੁਣ ਮਾਨਤਾ ਪ੍ਰਾਪਤ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਆਪਣੀ ਪੈਨਸ਼ਨ ਨੂੰ ਬਿਨ੍ਹਾ ਕਿਸੇ ਰੁਕਾਵਟ ਦੇ ਜਾਰੀ ਰੱਖਣ ਲਈ ਸਾਰੇ ਪੈਨਸ਼ਨਰ ਤੁਰੰਤ ਆਪਣਾ ਡਿਜੀਟਲ ਲਾਈਫ ਸਰਟੀਫਿਕੇਟ (ਜੀਵਨ ਪ੍ਰਮਾਣ) ਜਮ੍ਹ ਕਰਵਾਉਣ। ਪੈਨਸ਼ਨਰ ਆਪਣਾ ਡਿਜੀਟਲ ਲਾਈਫ ਸਰਟੀਫਿਕੇਟ ਨਜ਼ਦੀਕੀ ਖਜ਼ਾਨਾ ਦਫ਼ਤਰ, ਸਬੰਧਤ ਬੈਂਕ ਦੀ ਬ੍ਰਾਂਚ ਜਾਂ ਸੇਵਾ ਕੇਂਦਰ ਵਿਚ ਜਾ ਕੇ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੈਨਸ਼ਨਰ ਰਾਜ ਸਰਕਾਰ ਦੀ ‘ਘਰ ਬੈਠੇ ਸੇਵਾ’ ਰਾਹੀਂ 1076 ਨੰਬਰ ’ਤੇ ਕਾਲ ਕਰਕੇ ਡੋਰ-ਸਟੈਪ ਡਿਲਿਵਰੀ ਦੀ ਸੁਵਿਧਾ ਦਾ ਵੀ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ ਪੈਨਸ਼ਨਰ ਆਪਣੇ ਮੋਬਾਈਲ ਫੋਨ ’ਤੇ ਜੀਵਨ ਪ੍ਰਮਾਣ ਪੱਤਰ ਐਪ ਡਾਊਨਲੋਡ ਕਰਕੇ ਘਰ ਬੈਠੇ ਹੀ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾ ਕਰਵਾ ਸਕਦੇ ਹਨ। ਜ਼ਿਲ੍ਹਾ ਖਜ਼ਾਨਾ ਅਫ਼ਸਰ ਤਜਿੰਦਰ ਸਿੰਘ ਨੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਡਿਜੀਟਲ ਲਾਈਫ ਸਰਟੀਫਿਕੇਟ (ਜੀਵਨ ਪ੍ਰਮਾਣ) ਮਿਤੀ 31 ਮਾਰਚ 2026 ਤੋਂ ਪਹਿਲਾਂ ਜਮ੍ਹਾ ਕਰਵਾਉਣਾ ਯਕੀਨੀ ਬਣਾਉਣ, ਤਾਂ ਜੋ ਉਨ੍ਹਾਂ ਦੀ ਪੈਨਸ਼ਨ ਦੇ ਜਾਰੀ ਰਹਿਣ ਵਿੱਚ ਕਿਸੇ ਕਿਸਮ ਦੀ ਰੁਕਾਵਟ ਨਾ ਆਵੇ।