ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਵੱਲੋਂ ਡਿਜੀਟਲ ਲਾਈਫ ਸਰਟੀਫਿਕੇਟ ਵਿਰੁੱਧ ਸੰਘਰਸ਼ ਦਾ ਐਲਾਨ
ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਵੱਲੋਂ ਡਿਜੀਟਲ ਲਾਈਫ ਸਰਟੀਫਿਕੇਟ ਵਿਰੁੱਧ ਸੰਘਰਸ਼ ਦਾ ਐਲਾਨ
Publish Date: Wed, 08 Apr 2026 03:26 PM (IST)
Updated Date: Wed, 08 Apr 2026 03:29 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਸਰਕਲ ਫਿਰੋਜ਼ਪੁਰ ਦੀ ਇਕ ਮੀਟਿੰਗ ਸਾਥੀ ਸੁਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਇਸ ਮੀਟਿੰਗ ਵਿਚ ਪੈਨਸ਼ਨਰਜ਼ ਪਾਵਰਕਾਮ ਐਸੋਸੀਏਸ਼ਨ ਪੰਜਾਬ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਬੋਰਡ ਮੈਨੇਜਮੈਂਟ ਵੱਲੋਂ ਮੰਗੇ ਜਾ ਰਹੇ ‘ਡਿਜੀਟਲ ਲਾਈਫ ਸਰਟੀਫਿਕੇਟ’ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਦਾ ਤਿੱਖਾ ਵਿਰੋਧ ਕੀਤਾ ਗਿਆ। ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਡਿਜੀਟਲ ਲਾਈਫ ਸਰਟੀਫਿਕੇਟ ਦੇ ਵਿਰੋਧ ਵਿਚ 6 ਅਪ੍ਰੈਲ ਤੋਂ 16 ਅਪ੍ਰੈਲ 2026 ਤੱਕ ਪੰਜਾਬ ਭਰ ਦੇ ਸਾਰੇ ਮੰਡਲ ਪੱਧਰਾਂ ’ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਵਿਰੁੱਧ ਰੋਸ ਰੈਲੀਆਂ ਕੀਤੀਆਂ ਜਾਣਗੀਆਂ। ਜਥੇਬੰਦੀ ਦੀ ਮੁੱਖ ਮੰਗ ਹੈ ਕਿ ਜਿਵੇਂ ਕਿ ਲਾਈਫ ਸਰਟੀਫਿਕੇਟ ਨੂੰ ਲਾਜ਼ਮੀ ਦੀ ਬਜਾਏ ‘ਆਪਸ਼ਨਲ’ ਬਣਾਇਆ ਜਾਵੇ। ਉਨ੍ਹਾਂ ਆਖਿਆ ਕਿ ਬਹੁਤ ਸਾਰੇ ਪੈਨਸ਼ਨਰ ਸਾਥੀ ਬਿਮਾਰ ਹਨ, ਅਨਪੜ੍ਹ ਹਨ ਜਾਂ ਘੱਟ ਪੜ੍ਹੀਆਂ-ਲਿਖੀਆਂ ਵਿਧਵਾਵਾਂ ਹਨ, ਜਿਨ੍ਹਾਂ ਲਈ ਡਿਜੀਟਲ ਤਰੀਕੇ ਨਾਲ ਲਾਈਫ ਸਰਟੀਫਿਕੇਟ ਦੇਣਾ ਸੰਭਵ ਨਹੀਂ ਹੈ। 18 ਅਪ੍ਰੈਲ 2026 ਨੂੰ ਬਿਜਲੀ ਬੋਰਡ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਲਟਕਦੀਆਂ ਮੰਗਾਂ ਨੂੰ ਲੈ ਕੇ ਲੁਧਿਆਣਾ ਵਿਖੇ ਬਿਜਲੀ ਮੰਤਰੀ ਵਿਰੁੱਧ ਵਿਸ਼ਾਲ ਧਰਨਾ ਦਿੱਤਾ ਜਾਵੇਗਾ। 17 ਮਈ 2026 ਨੂੰ ਪੰਜਾਬ ਮੁਲਾਜ਼ਮ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ। ਇਸ ਵਿਚ ਫਿਰੋਜ਼ਪੁਰ ਸਰਕਲ ਦੇ ਬਿਜਲੀ ਕਾਮੇ ਅਤੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਮੀਟਿੰਗ ਦੌਰਾਨ ਸਟੇਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸ਼ਰਮਾ ਨੇ ਪੰਜਾਬ ਪੱਧਰ ਦੀ ਮੀਟਿੰਗ ਦੀ ਰਿਪੋਰਟ ਸਾਂਝੀ ਕੀਤੀ ਅਤੇ ਭਵਿੱਖੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਵਿਚ ਫਿਰੋਜ਼ਪੁਰ ਸਰਕਲ ਦੇ ਆਗੂ ਸ਼ਾਮ ਸਿੰਘ, ਬਿਸ਼ਨ ਸਿੰਘ, ਨਰੇਸ਼ ਸੇਠੀ, ਸਿਟੀ ਮੰਡਲ ਤੋਂ ਚੰਨਣ ਸਿੰਘ, ਸ਼ਾਮ ਸਿੰਘ, ਸਬ ਅਰਬਨ ਮੰਡਲ ਫਿਰੋਜ਼ਪੁਰ ਤੋਂ ਸੁਖਚੈਨ ਲਾਲ, ਮੁਖਤਿਆਰ ਸਿੰਘ, ਜ਼ੀਰਾ ਮੰਡਲ ਤੋਂ ਮੁਖਤਿਆਰ ਸਿੰਘ, ਜੈ ਸ੍ਰੀ ਦੱਤ ਅਤੇ ਜਲਾਲਾਬਾਦ ਮੰਡਲ ਤੋਂ ਸਾਥੀ ਰਾਮ ਕਿਸ਼ਨ ਤੇ ਬਲਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਦੇ ਅੰਤ ਵਿਚ ਬਿਜਲੀ ਬੋਰਡ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਪੈਨਸ਼ਨਰਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ। ਇਸ ਡਿਜੀਟਲ ਲਾਈਫ ਸਰਟੀਫਿਕੇਟ ਦੇ ਮੁੱਦੇ ’ਤੇ 9 ਅਪ੍ਰੈਲ 2026 ਨੂੰ ਬਿਜਲੀ ਬੋਰਡ ਦੀ ਮੈਨੇਜਮੈਂਟ ਨਾਲ ਮੁਲਾਕਾਤ ਕੀਤੀ ਜਾਵੇਗੀ। ਆਗੂਆਂ ਨੇ ਸਮੂਹ ਸਾਥੀਆਂ ਨੂੰ ਸਟੇਟ ਕਮੇਟੀ ਵੱਲੋਂ ਦਿੱਤੇ ਜਾਣ ਵਾਲੇ ਹਰ ਪ੍ਰੋਗਰਾਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।