ਰੇਹੜੀ ਫੜੀ ਵਾਲਿਆਂ ਤੇ ਪ੍ਰਸ਼ਾਸਨ ਵਿਚਕਾਰ ਰੇੜਕਾ ਜਾਰੀ
ਜਥੇਬੰਦੀਆਂ ਨੇ ਪ੍ਰਸ਼ਾਸਨ ਦੀ ਅਪੀਲ ਮੰਨਦਿਆਂ ਨਹੀਂ ਕੀਤਾ ਰੋਡ ਜਾਮ
Publish Date: Sat, 18 Oct 2025 05:17 PM (IST)
Updated Date: Sat, 18 Oct 2025 05:17 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਜਲਾਲਾਬਾਦ ਵਿਖੇ ਰੇਹੜੀ ਫੜੀ ਵਾਲਿਆਂ ਵਾਸਤੇ ਬਣੇ ਸ਼ੈਡ ਵਿੱਚੋਂ ਰੇਹੜੀ ਫੜੀ ਦਾ ਕੰਮ ਕਰਨ ਵਾਲਿਆਂ ਦੀਆਂ ਰੇਹੜੀਆਂ ਜ਼ਬਰੀ ਚੁਕਵਾਉਣ ਦੇ ਖ਼ਿਲਾਫ਼ ਭਾਰਤੀ ਕਮਿਊਨਿਸਟ ਪਾਰਟੀ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋਂ ਪਿਛਲੇ 19 ਦਿਨਾਂ ਤੋਂ ਲਗਾਤਾਰ ਧਰਨਾ ਚੱਲਦਾ ਆ ਰਿਹਾ ਹੈ। ਪਿਛਲੇ ਦਿਨੀ ਵੱਖ-ਵੱਖ ਜਥੇਬੰਦੀਆਂ ਵੱਲੋਂ ਰੇਹੜੀ ਫੜੀ ਵਾਲਿਆਂ ਦੀਆਂ ਰੇਹੜੀਆਂ ਲਗਾ ਦਿੱਤੀਆਂ ਗਈਆਂ ਸਨ। ਜਿਸ ਨੂੰ ਪ੍ਰਸ਼ਾਸਨ ਨੇ ਰਾਤ ਦੇ ਹਨੇਰੇ ਵਿੱਚ ਜ਼ਬਰਦਸਤੀ ਚੁਕਵਾ ਦਿੱਤਾ ਸੀ। ਰੇਹੜੀ ਫੜੀ ਵਾਲਿਆਂ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਰੋਡ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਸੀ। ਜਿਸ ਦੇ ਸਬੰਧ ਵਿੱਚ ਪ੍ਰਸ਼ਾਸਨ ਵੱਲੋ ਇੱਕ ਮੀਟਿੰਗ ਸੱਦੀ ਗਈ ਸੀ,ਜਿਸ ਵਿੱਚ ਪ੍ਰਸ਼ਾਸਨ ਵੱਲੋਂ ਇਹ ਬੇਨਤੀ ਕੀਤੀ ਗਈ ਕਿ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਰੋਡ ਜਾਮ ਨਾ ਕੀਤਾ ਜਾਵੇ। ਰੇਹੜੀ ਫੜੀ ਵਾਲਿਆਂ ਨੂੰ ਹੱਕ ਦਿਵਾਉਣ ਲਈ ਬਣੀ ਕਮੇਟੀ ਨੇ ਪ੍ਰਸ਼ਾਸਨ ਦੀ ਇਸ ਗੱਲ ਨੂੰ ਮੰਨ ਲਿਆ ਅਤੇ ਪ੍ਰਸ਼ਾਸਨ ਨੂੰ ਇਹ ਵੀ ਬੇਨਤੀ ਕੀਤੀ ਗਈ ਕਿ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਇਹਨਾਂ ਨੂੰ ਫੜੀਆਂ( ਜ਼ਮੀਨ ਉੱਪਰ ਸਬਜ਼ੀ ਰੱਖਣ) ਰੱਖਕੇ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ। ਉਧਰ ਪੁਲਿਸ ਪ੍ਰਸ਼ਾਸਨ ਇਹ ਗੱਲ ਮੰਨਣ ਲਈ ਤਿਆਰ ਸੀ ਕਿ ਪਿਛਲੇ ਕਈ ਦਿਨਾਂ ਤੋਂ ਚਲਦੇ ਆ ਰਹੇ ਧਰਨੇ ਕਾਰਨ ਰੇਹੜੀ ਫੜੀ ਵਾਲਿਆਂ ਦੀ ਬੰਦ ਹੋਈ ਰੋਜ਼ੀ ਰੋਟੀ ਫੜੀਆਂ ਲਗਾਉਣ ਨਾਲ ਤਿਓਹਾਰਾਂ ਦੇ ਦਿਨਾ ਵਿੱਚ ਚੱਲ ਸਕਦੀ ਹੈ ਪਰ ਸਿਵਲ ਪ੍ਰਸ਼ਾਸਨ ਇਸ ਗੱਲ ਲਈ ਤਿਆਰ ਨਹੀਂ ਸੀ। ਉਹਨਾਂ ਦਾ ਕਹਿਣਾ ਸੀ ਕਿ ਹਲਕੇ ਦਾ ਵਿਧਾਇਕ ਦੋ ਦਿਨ ਬਾਅਦ ਜਲਾਲਾਬਾਦ ਆਉਣਗੇ ਅਤੇ ਉਹਨਾਂ ਨਾਲ ਮੀਟਿੰਗ ਕਰਵਾ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ। ਵੱਖ-ਵੱਖ ਜਥੇਬੰਦੀਆਂ ਵੱਲੋਂ ਫੜੀਆਂ ਲਗਾਉਣ ਦੀ ਮੰਗ ਕਰਨ ਤੇ ਸਿਵਲ ਪ੍ਰਸ਼ਾਸਨ ਵੱਲੋਂ ਸਹਿਮਤੀ ਨਹੀਂ ਦਿੱਤੀ ਗਈ। ਇਸ ਵਿਹਾਰ ਤੋਂ ਖਫ਼ਾ ਹੁੰਦਿਆਂ ਮੀਟਿੰਗ ਵਿੱਚ ਪਹੁੰਚੀਆਂ ਜਥੇਬੰਦੀਆਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਰੇਹੜੀ ਫੜੀ ਵਾਲਿਆਂ ਦੀਆਂ ਭੂੰਜੇ ਫੜੀਆਂ ਲਗਵਾ ਦਿੱਤੀਆਂ। ਰੇਹੜੀ ਫੜੀ ਉਜਾੜੇ ਦੇ ਪੀੜਤ ਆਗੂ ਸੁਰਿੰਦਰ ਸਿੰਘ,ਸੰਨੀ ਹਾਂਡਾ, ਸੰਯਕਤ ਕਿਸਾਨ ਮੋਰਚੇ ਦੇ ਕੁੱਲ ਹਿੰਦ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਸੁਰਿੰਦਰ ਢੰਡੀਆਂ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ, ਬੀਕੇਯੂ ਡਕੌਂਦਾ ਬੁਰਜ ਗਿੱਲ ਦੇ ਜ਼ਿਲਾ ਪ੍ਰਧਾਨ ਜੋਗਾ ਸਿੰਘ, ਬੀਕੇਯੂ ਡਕੌਂਦਾ ਧਨੇਰ ਦੇ ਬਲਾਕ ਪ੍ਰਧਾਨ ਪ੍ਰਵੀਨ ਮੌਲਵੀ ਵਾਲਾ, ਬੀਕੇਯੂ ਉਗਰਾਹਾਂ ਦੇ ਜਿਲ੍ਹਾ ਸੰਗਠਨ ਸਕੱਤਰ ਜਗਸੀਰ ਸਿੰਘ ਮੀਤ ਪ੍ਰਧਾਨ ਗੁਰਮੀਤ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਚੰਨ ਸਿੰਘ ਸੈਦੋਕੇ, ਪੰਜਾਬ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅਸ਼ੋਕ ਕੰਬੋਜ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਕੰਨਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਰਜਿ ਏਟਕ ਦੇ ਸੂਬਾ ਮੀਤ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਨਾਲ ਇਸ ਮਸਲੇ ਦੇ ਮੁਕੰਮਲ ਹੱਲ ਲਈ ਕਿਸੇ ਸਮੇਂ ਵੀ ਮੀਟਿੰਗ ਕਰਨ ਲਈ ਤਿਆਰ ਹਨ। ਆਗੂਆਂ ਨੇ ਆਮ ਜਨਤਾ ਨੂੰ ਇਹ ਵੀ ਅਪੀਲ ਕੀਤੀ ਕਿ ਪਿਛਲੇ ਕਰੀਬ ਵੀਹ ਦਿਨਾਂ ਤੋਂ ਰੁਜ਼ਗਾਰ ਬੰਦ ਹੋਣ ਕਾਰਨ, ਹੁਣ ਇਹਨਾਂ ਤੋਂ ਸਬਜ਼ੀਆਂ ਅਤੇ ਫਲ ਖਰੀਦੇ ਜਾਣ ਤਾਂ ਜੋ ਉਹ ਆਪਣਾ ਗੁਜ਼ਾਰਾ ਚਲਾ ਸਕਣ। ਜਥੇਬੰਦੀਆਂ ਨੇ ਇਹ ਵੀ ਕਿਹਾ ਕਿ ਜੇਕਰ ਇਹਨਾਂ ਗਰੀਬਾਂ ਦੀਆਂ ਸਬਜ਼ੀਆਂ ਅਤੇ ਫਰੂਟ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਜ਼ਬਰੀ ਚੁੱਕਿਆ ਜਾਂਦਾ ਹੈ ਤਾਂ ਉਸ ਦੇ ਸਬੰਧ ਵਿੱਚ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹੋਰਾਂ ਤੋਂ ਇਲਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਢਾਬਾਂ,ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸ਼ੁਬੇਗ ਝੰਗੜਭੈਣੀ,ਇਸਤਰੀ ਸਭਾ ਦੀ ਆਗੂ ਹਰਜੀਤ ਕੌਰ ਢੰਡੀਆਂ,ਗੁਰਦਿਆਲ ਢਾਬਾਂ, ਸੰਦੀਪ ਜੋਧਾ ਅਤੇ ਬਲਵਿੰਦਰ ਮਹਾਲਮ ਨੇ ਵੀ ਸੰਬੋਧਨ ਕੀਤਾ।