ਕੌਮਾਂਤਰੀ ਦਿਵਸ ਮੌਕੇ ਨਰਸਿੰਗ ਸਟਾਫ਼ ਦਾ ਸਨਮਾਨ
ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਨਰਸਿੰਗ ਸਟਾਫ਼ ਸਨਮਾਨਿਤ
Publish Date: Tue, 12 May 2026 04:48 PM (IST)
Updated Date: Tue, 12 May 2026 04:51 PM (IST)

ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ: ਸਿਹਤ ਸੇਵਾਵਾਂ ਵਿੱਚ ਨਰਸਿੰਗ ਸਟਾਫ਼ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਹੈ। ਹਸਪਤਾਲਾਂ ਵਿੱਚ ਮਰੀਜ਼ਾਂ, ਜੱਚਾ-ਬੱਚਾ ਦੀ ਦੇਖਭਾਲ, ਇਲਾਜ ਅਤੇ ਟੀਕਾਕਰਨ ਵਰਗੀਆਂ ਸੇਵਾਵਾਂ ਵਿੱਚ ਨਰਸਿੰਗ ਸਟਾਫ਼ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਹ ਵਿਚਾਰ ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ ਨੇ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਅੰਤਰਰਾਸ਼ਟਰੀ ਨਰਸ ਦਿਵਸ ਮਨਾਉਣ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਨਰਸਾਂ ਮਨੁੱਖਤਾ ਦੀ ਸੇਵਾ ਵਿੱਚ ਨਿਰਸਵਾਰਥ ਭਾਵਨਾ ਨਾਲ ਕੰਮ ਕਰਦੀਆਂ ਹਨ ਅਤੇ ਇਨ੍ਹਾਂ ਦੀਆਂ ਸੇਵਾਵਾਂ ਤੋਂ ਬਿਨਾਂ ਮਰੀਜ਼ ਦੇ ਸੰਪੂਰਨ ਇਲਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਨਰਸਿੰਗ ਸਟਾਫ਼ ਵੱਲੋਂ ਕੇਕ ਕੱਟ ਕੇ ਨਰਸ ਦਿਵਸ ਮਨਾਇਆ ਗਿਆ। ਡਾ. ਕਵਿਤਾ ਸਿੰਘ ਅਤੇ ਡਾ. ਏਰਿਕ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਨਰਸਿੰਗ ਸਟਾਫ਼ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਅੰਤਰਰਾਸ਼ਟਰੀ ਨਰਸ ਦਿਵਸ ਹਰ ਸਾਲ 12 ਮਈ ਨੂੰ ਫਲੋਰੈਂਸ ਨਾਈਟਿੰਗੇਲ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਰੀਮੀਆ ਯੁੱਧ (1853-1856) ਦੌਰਾਨ ਦਿਨ-ਰਾਤ ਸੇਵਾ ਕਰਦੇ ਹੋਏ ਜ਼ਖ਼ਮੀ ਸੈਨਿਕਾਂ ਦੀਆਂ ਜਾਨਾਂ ਬਚਾਈਆਂ ਸਨ। ਅੰਤਰਰਾਸ਼ਟਰੀ ਨਰਸਿੰਗ ਕੌਂਸਲ ਵੱਲੋਂ 1974 ਵਿੱਚ ਇਸ ਦਿਨ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਵਜੋਂ ਮਨਾਉਣ ਦੀ ਪ੍ਰਵਾਨਗੀ ਦਿੱਤੀ ਗਈ ਸੀ। ਡਾ. ਏਰਿਕ ਨੇ ਕਿਹਾ ਕਿ ਨਰਸਾਂ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ ਦੀ ਹੱਡੀ ਹਨ, ਜੋ ਬੱਚੇ ਦੇ ਜਨਮ ਤੋਂ ਲੈ ਕੇ ਹਰ ਕਿਸਮ ਦੀ ਬਿਮਾਰੀ ਅਤੇ ਐਮਰਜੰਸੀ ਦੌਰਾਨ ਡਾਕਟਰਾਂ ਵੱਲੋਂ ਦਿੱਤੇ ਇਲਾਜ ਨੂੰ ਤਨਦੇਹੀ ਨਾਲ ਅਮਲ ਵਿੱਚ ਲਿਆਉਂਦੀਆਂ ਹਨ। ਨਰਸਿੰਗ ਸਟਾਫ਼ ਤੋਂ ਬਿਨਾਂ ਹਸਪਤਾਲ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਇਸ ਮੌਕੇ ਨਰਸਿੰਗ ਸਟਾਫ਼ ਦੇ ਮੈਂਬਰਾਂ ਸਮੇਤ ਗੁਰਪ੍ਰੀਤ ਕੌਰ ਅਤੇ ਪਾਰਸ ਕਟਾਰੀਆ ਵੀ ਹਾਜ਼ਰ ਸਨ।