Punjab News : ਹੁਣ ਹਸਪਤਾਲ 'ਚ ਝਗੜਾ ਕਰਨ ਵਾਲਿਆਂ ਦੀ ਖ਼ੈਰ ਨਹੀਂ, ਦਰਜ ਹੋਵੇਗਾ ਗ਼ੈਰ ਜ਼ਮਾਨਤੀ ਧਾਰਾਵਾਂ ਹੇਠ ਮਾਮਲਾ; ਡੀਜੀਪੀ ਨੂੰ ਜਾਰੀ ਕੀਤੇ ਹੁਕਮ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਕੜੇ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਸਿਹਤ ਸਹੂਲਤਾਂ 'ਚ ਸੀਸੀਟੀਵੀ ਕੈਮਰੇ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ।
Publish Date: Sun, 04 May 2025 06:26 PM (IST)
Updated Date: Sun, 04 May 2025 08:24 PM (IST)
ਸਟੇਟ ਬਿਊਰੋ, ਚੰਡੀਗੜ੍ਹ : ਹੁਣ ਹਸਪਤਾਲਾਂ 'ਚ ਕਿਸੇ ਵੀ ਕਿਸਮ ਦਾ ਝਗੜਾ ਹੋਣ 'ਤੇ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਜਾਣਗੇ। ਇਸ ਸਬੰਧੀ ਪੁਲਿਸ ਵਿਭਾਗ ਨੂੰ ਸਖ਼ਤ ਹੁਕਮ ਦਿੱਤੇ ਗਏ ਹਨ ਕਿ ਹਸਪਤਾਲਾਂ 'ਚ ਝਗੜਾ ਕਰਨ ਵਾਲਿਆਂ 'ਤੇ ਹਰ ਹਾਲਤ 'ਚ ਕਾਰਵਾਈ ਕੀਤੀ ਜਾਵੇ। ਪਿਛਲੇ ਮਹੀਨੇ ਸੂਬੇ ਦੇ ਚਾਰ ਹਸਪਤਾਲਾਂ 'ਚ ਇਕ ਤੋਂ ਬਾਅਦ ਇਕ ਝਗੜੇ ਦੇ ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਡੀਜੀਪੀ ਗੌਰਵ ਯਾਦਵ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਪੀਸੀਆਰ ਵੈਨ ਹਰ ਇਕ ਜਾਂ ਦੋ ਘੰਟੇ 'ਚ ਸਿਹਤ ਕੇਂਦਰਾਂ ਦਾ ਚੱਕਰ ਲਾਉਣ।
ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਅਨੁਸਾਰ, ਅਪ੍ਰੈਲ 2024 ਤੋਂ ਮਾਰਚ 2025 ਤਕ ਸਿਹਤ ਸੰਸਥਾਵਾਂ 'ਚ ਹਿੰਸਾ ਦੀਆਂ 50 ਘਟਨਾਵਾਂ ਹੋਈਆਂ। ਸੂਬੇ 'ਚ ਕਈ ਪ੍ਰਾਇਮਰੀ ਹਸਪਤਾਲ ਤੇ ਕਮਿਊਨਿਟੀ ਸਿਹਤ ਕੇਂਦਰ ਬਿਨਾਂ ਸੁਰੱਖਿਆ ਗਾਰਡ ਦੇ ਚੱਲ ਰਹੇ ਹਨ, ਜਿਸ ਕਾਰਨ ਪਿੰਡਾਂ 'ਚ ਡਾਕਟਰ, ਖਾਸ ਕਰਕੇ ਮਹਿਲਾ ਡਾਕਟਰ, ਅਕਸਰ ਅਸੁਰੱਖਿਅਤ ਰਹਿੰਦੇ ਹਨ। ਸੁਰੱਖਿਆ ਗਾਰਡਾਂ ਦੀ ਗੈਰ-ਹਾਜ਼ਰੀ 'ਚ ਪੁਰਸ਼ ਵਾਰਡ ਅਟੈਂਡੈਂਟ ਨੂੰ ਰਾਤ ਦੀ ਡਿਊਟੀ ਲਈ ਤਾਇਨਾਤ ਕਰਨਾ ਪੈਂਦਾ ਹੈ। ਪਿਛਲੇ ਸਾਲ ਸਤੰਬਰ 'ਚ ਪੀਸੀਐੱਮਐੱਸਏ ਨੇ ਸਿਹਤ ਸੇਵਾ ਪੇਸ਼ੇਵਰਾਂ ਦੀ ਸੁਰੱਖਿਆ, ਮੈਡੀਕਲ ਅਧਿਕਾਰੀਆਂ ਦੀ ਰੈਗੂਲਰ ਭਰਤੀ ਤੇ ਕਰੀਅਰ ਸਟੇਟਸ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਸੂਬਾ ਸਰਕਾਰ ਵੱਲੋਂ ਸਿਹਤ ਕੇਂਦਰਾਂ 'ਤੇ ਸੁਰੱਖਿਆ ਢਾਂਚੇ ਦਾ ਭਰੋਸਾ ਦਿੱਤੇ ਜਾਣ ਦੇ ਬਾਅਦ ਹੀ ਇਹ ਆੰਦੋਲਨ ਖਤਮ ਕੀਤਾ ਗਿਆ ਸੀ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਕੜੇ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਸਿਹਤ ਸਹੂਲਤਾਂ 'ਚ ਸੀਸੀਟੀਵੀ ਕੈਮਰੇ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ। ਡੀਜੀਪੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਪੀਸੀਆਰ ਵੈਨਾਂ ਹਰ ਇਕ ਜਾਂ ਦੋ ਘੰਟੇ 'ਚ ਸਿਹਤ ਕੇਂਦਰਾਂ ਦਾ ਦੌਰਾ ਕਰਨ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਹਸਪਤਾਲਾਂ 'ਚ ਜੋ ਝਗੜੇ ਦੇ ਮਾਮਲੇ ਸਾਹਮਣੇ ਆਏ, ਉਨ੍ਹਾਂ ਵਿਚ ਪੁਲਿਸ ਵੱਲੋਂ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਮੰਤਰੀ ਨੇ ਕਿਹਾ ਕਿ ਪੁਲਿਸ ਨੂੰ ਕਿਹਾ ਗਿਆ ਹੈ ਕਿ ਸਾਰੇ ਮਾਮਲਿਆਂ 'ਚ ਸਖਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ।