ਸਰਕਾਰੀ ਕਾਲਜ ਜ਼ੀਰਾ ਲਈ ਸ਼ੁਰੂ ਹੋਈ ਨਵੀਂ ਸਕਾਲਰਸ਼ਿਪ ਸਕੀਮ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਸਰਕਾਰੀ ਕਾਲਜ ਜ਼ੀਰਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਡਾ. ਕਮਲ ਕਿਸ਼ੋਰ ਸਾਬਕਾ ਪ੍ਰਿੰਸੀਪਲ ਸਰਕਾਰੀ ਕਾਲਜ ਜ਼ੀਰਾ ਅਤੇ ਕਾਲਜ ਅਲੋਮਨੀ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਰੇਵਾਲ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਸਚਿਨ ਕਾਲੜਾ ਦੁਆਰਾ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਗਰੇਵਾਲ ਨੇ ਆਪਣੀ ਮਾਤਾ ਸਵ. ਜਸਮੇਲ ਕੌਰ ਦੀ ਯਾਦ ਵਿਚ ‘ਜਸਮੇਲ ਕੌਰ ਸਕਾਲਰਸ਼ਿਪ’ ਸਕੀਮ ਸ਼ੁਰੂ ਕੀਤੀ, ਜਿਸ ਵਿਚ ਉਨ੍ਹਾਂ ਕਿਹਾ ਕਿ ਬੀਏ ਭਾਗ ਪਹਿਲਾ, ਦੂਜਾ ਅਤੇ ਤੀਜਾ ਵਿਚੋਂ ਯੂਨੀਵਰਸਿਟੀ ਪ੍ਰੀਖਿਆਵਾਂ ਵਿਚੋਂ ਕਾਲਜ ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਲੜੀਵਾਰ 5100,3100 ਅਤੇ 2100 ਦੀ ਰਾਸ਼ੀ ਨਾਲ ਹਰ ਸਾਲ ਸਨਮਾਨਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਗ਼ਰੀਬ ਵਿਦਿਆਰਥੀਆਂ ਦੀ ਫੀਸ ਅਦਾ ਕਰਨ ਦੀ ਗੱਲ ਵੀ ਕਹੀ। ਉਨ੍ਹਾਂ ਵਿਦਿਆ ਵਿਚਾਰੀ ਪਰਉਪਕਾਰੀ ਦਾ ਸੰਦੇਸ਼ ਦਿੰਦੇ ਹੋਏ ਵਿਦਿਆਰਥੀਆਂ ਨੂੰ ਕਿਹਾ ਕਿ ਹਮੇਸ਼ਾ ਮਾਪਿਆਂ ਅਤੇ ਅਧਿਆਪਕਾਂ ਦੀ ਰਜ਼ਾ ਵਿਚ ਰਹਿ ਕੇ ਹੀ ਅਸੀਂ ਜੀਵਨ ਨੂੰ ਸਫਲ ਬਣਾ ਸਕਦੇ ਹਾਂ। ਇਸ ਸਮੇਂ ਉਨ੍ਹਾਂ ਆਪਣੇ ਵਿਦਿਆਰਥੀ ਜੀਵਨ ਦੇ ਅਨੁਭਵ ਵੀ ਸਾਂਝੇ ਕੀਤੇ, ਕਿਉਂਕਿ ਉਹ ਇਸੇ ਕਾਲਜ ਦੇ 1971 ਬੈਂਚ ਦੇ ਪਹਿਲੇ ਵਿਦਿਆਰਥੀ ਰਹੇ ਸਨ। ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਕਮਲ ਕਿਸ਼ੋਰ ਨੇ ਵਿਦਿਆਰਥੀਆਂ ਲਈ ਨਵੀਂ ਸਕਾਲਰਸ਼ਿਪ ਸਕੀਮ ‘ਕਮਲ ਕਿਸ਼ੋਰ ਸਕਾਲਰਸ਼ਿਪ’ ਸਕੀਮ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਉਹ ਬੀਏ ਭਾਗ ਤੀਜਾ ਦੇ ਵਿਦਿਆਰਥੀ, ਜੋ ਯੂਨੀਵਰਸਿਟੀ ਪ੍ਰੀਖਿਆਵਾਂ ਵਿਚੋਂ ਕਾਲਜ ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨਗੇ ਉਨ੍ਹਾਂ ਨੂੰ ਲੜੀਵਾਰ 5100, 3100 ਅਤੇ 2100 ਦੀ ਨਕਦ ਰਾਸ਼ੀ ਨਾਲ ਹਰ ਸਾਲ ਸਨਮਾਨਿਆ ਜਾਵੇਗਾ। ਇਸ ਤੋਂ ਇਲਾਵਾ ਜੋ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੇ ਯੂਥ ਫੈਸਟੀਵਲ ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨਗੇ, ਉਨ੍ਹਾਂ ਨੂੰ ਵੀ ਲੜੀਵਾਰ 3100, 2100 ਅਤੇ 1100 ਦੀ ਨਕਦ ਰਾਸ਼ੀ ਨਾਲ ਸਨਮਾਨਿਆ ਜਾਵੇਗਾ।