ਜਲਾਲਾਬਾਦ ਸਕੂਲ ਆਫ ਐਮੀਨੈਂਸ ’ਚ 24 ਕੰਪਿਊਟਰਾਂ ਵਾਲੀ ਲੈਬ ਸ਼ੁਰੂ
ਵਿਦਿਆਰਥੀਆਂ ਲਈ ਖੁੱਲ੍ਹੇ ਡਿਜੀਟਲ ਸਿੱਖਿਆ ਦੇ ਨਵੇਂ ਰਾਹ
Publish Date: Mon, 27 Apr 2026 07:13 PM (IST)
Updated Date: Mon, 27 Apr 2026 07:16 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੀਤੇ ਜਾ ਰਹੇ ਯਤਨਾਂ ਤਹਿਤ ਅੱਜ ਸਕੂਲ ਆਫ ਐਮੀਨੈਂਸ ਜਲਾਲਾਬਾਦ ਵਿੱਚ 24 ਨਵੇਂ ਕੰਪਿਊਟਰਾਂ ਨਾਲ ਲੈਸ ਅਧੁਨਿਕ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਰਿਬਨ ਕੱਟ ਕੇ ਲੈਬ ਦਾ ਰਸਮੀ ਸ਼ੁਭਾਰੰਭ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਖੇਤਰ ਵਿੱਚ ਇਤਿਹਾਸਕ ਬਦਲਾਅ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ ਕਲਾਸਰੂਮ, ਨਵੀਆਂ ਲੈਬਾਂ ਅਤੇ ਹੋਰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਤਾਂ ਜੋ ਪਿੰਡਾਂ ਅਤੇ ਸ਼ਹਿਰਾਂ ਦੇ ਬੱਚਿਆਂ ਨੂੰ ਗੁਣਵੱਤਾ ਵਾਲੀ ਸਿੱਖਿਆ ਮਿਲ ਸਕੇ। ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਕੰਪਿਊਟਰ ਸਿੱਖਿਆ ਬਹੁਤ ਜ਼ਰੂਰੀ ਹੈ ਅਤੇ ਇਸ ਨਵੀਂ ਲੈਬ ਨਾਲ ਵਿਦਿਆਰਥੀਆਂ ਨੂੰ ਤਕਨੀਕੀ ਗਿਆਨ ਹਾਸਲ ਕਰਨ ਵਿੱਚ ਕਾਫੀ ਮਦਦ ਮਿਲੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਹੂਲਤ ਦਾ ਪੂਰਾ ਲਾਭ ਲੈਣ ਅਤੇ ਆਪਣਾ ਭਵਿੱਖ ਰੌਸ਼ਨ ਕਰਨ। ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਇਹ ਨਵੀਂ ਕੰਪਿਊਟਰ ਲੈਬ ਸਕੂਲ ਦੇ ਵਿਦਿਆਰਥੀਆਂ ਲਈ ਇੱਕ ਵੱਡੀ ਸੌਗਾਤ ਹੈ, ਜਿਸ ਨਾਲ ਉਹ ਕੰਪਿਊਟਰ ਸਿੱਖਿਆ ਵਿੱਚ ਹੋਰ ਨਿਪੁੰਨ ਹੋਣਗੇ। ਉਨ੍ਹਾਂ ਕਿਹਾ ਕਿ ਸਕੂਲ ਦਾ ਸਟਾਫ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਸਹੂਲਤਾਂ ਲਈ ਯਤਨ ਜਾਰੀ ਰਹਿਣਗੇ। ਇਸ ਮੌਕੇ ਸਕੂਲ ਦੇ ਅਧਿਆਪਕ, ਵਿਦਿਆਰਥੀ, ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ।