ਫਾਜ਼ਿਲਕਾ ’ਚ ਨੀਟ ਸ਼ਾਂਤੀਪੂਰਵਕ ਸੰਪੰਨ, 17 ਉਮੀਦਵਾਰ ਰਹੇ ਗੈਰਹਾਜ਼ਰ
ਫਾਜ਼ਿਲਕਾ ਵਿੱਚ ਨੀਟ ਪ੍ਰੀਖਿਆ ਸ਼ਾਂਤੀਪੂਰਵਕ ਸੰਪੰਨ, 17 ਉਮੀਦਵਾਰ ਰਹੇ ਗੈਰਹਾਜ਼ਰ
Publish Date: Mon, 04 May 2026 05:32 PM (IST)
Updated Date: Mon, 04 May 2026 05:35 PM (IST)

ਕਪਿਲ ਜਸੂਜਾ, ਪੰਜਾਬੀ ਜਾਗਰਣ ਫਾਜ਼ਿਲਕਾ : ਨੀਟ ਪ੍ਰੀਖਿਆ ਐਤਵਾਰ ਨੂੰ ਫਾਜ਼ਿਲਕਾ ਵਿੱਚ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਅਤੇ ਨਕਲ ਰਹਿਤ ਮਾਹੌਲ ਵਿੱਚ ਕਰਵਾਈ ਗਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਵਿਆਪਕ ਤਿਆਰੀਆਂ ਤਹਿਤ ਇਹ ਪ੍ਰੀਖਿਆ ਜ਼ਿਲ੍ਹੇ ਦੇ ਦੋ ਕੇਂਦਰਾਂ ’ਤੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਇੱਕੋ ਸਮੇਂ ਲਈ ਗਈ। ਫਾਜ਼ਿਲਕਾ ਵਿੱਚ ਪ੍ਰੀਖਿਆ ਦੇ ਕੇਂਦਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਅਤੇ ਐਮ.ਆਰ. ਸਰਕਾਰੀ ਕਾਲਜ ਵਿਖੇ ਬਣਾਏ ਗਏ ਸਨ। ਇਸ ਸਾਲ ਜ਼ਿਲ੍ਹੇ ਵਿੱਚ ਕੁੱਲ 876 ਉਮੀਦਵਾਰਾਂ ਨੇ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਇਨ੍ਹਾਂ ਵਿੱਚੋਂ ਐਮ.ਆਰ. ਸਰਕਾਰੀ ਕਾਲਜ ਵਿੱਚ 480 ਵਿੱਚੋਂ 469 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਵਿੱਚ 396 ਵਿੱਚੋਂ 390 ਉਮੀਦਵਾਰ ਹਾਜ਼ਰ ਹੋਏ। ਦੋਵੇਂ ਕੇਂਦਰਾਂ ’ਤੇ ਕੁੱਲ 17 ਉਮੀਦਵਾਰ ਗੈਰਹਾਜ਼ਰ ਰਹੇ। ਪ੍ਰੀਖਿਆ ਕੇਂਦਰਾਂ ਵਿੱਚ ਦਾਖਲਾ ਸਵੇਰੇ 11 ਵਜੇ ਤੋਂ ਦੁਪਹਿਰ 1.30 ਵਜੇ ਤੱਕ ਨਿਰਧਾਰਤ ਕੀਤਾ ਗਿਆ ਸੀ। ਇਸ ਤੋਂ ਬਾਅਦ ਕਿਸੇ ਵੀ ਉਮੀਦਵਾਰ ਨੂੰ ਕੇਂਦਰ ਅੰਦਰ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ। ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਦੀ ਗੇਟ ਚੈਕਿੰਗ ਅਤੇ ਬਾਇਓਮੈਟ੍ਰਿਕ ਤਸਦੀਕ ਕੀਤੀ ਗਈ, ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਪ੍ਰੀਖਿਆ ਹਾਲ ਵਿੱਚ ਦਾਖਲਾ ਦਿੱਤਾ ਗਿਆ। ਕਿਸੇ ਵੀ ਅਣਚਾਹੀ ਗਤੀਵਿਧੀ ਨੂੰ ਰੋਕਣ ਲਈ ਸਾਰੇ ਕੇਂਦਰਾਂ ’ਤੇ ਸੀਸੀਟੀਵੀ ਕੈਮਰੇ ਅਤੇ ਜੈਮਰ ਲਗਾਏ ਗਏ ਸਨ। ਉਮੀਦਵਾਰਾਂ ਦੀ ਸਹੂਲਤ ਲਈ ਪ੍ਰੀਖਿਆ ਹਾਲਾਂ ਵਿੱਚ ਘੜੀਆਂ, ਬਿਜਲੀ, ਪੀਣ ਵਾਲੇ ਪਾਣੀ ਅਤੇ ਸਫ਼ਾਈ ਦੇ ਯਥੋਚਿਤ ਪ੍ਰਬੰਧ ਕੀਤੇ ਗਏ ਸਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੂਰੀ ਪ੍ਰਕਿਰਿਆ ਦੀ ਨਿਰੰਤਰ ਨਿਗਰਾਨੀ ਕੀਤੀ ਗਈ। ਪਾਰਦਰਸ਼ੀ ਅਤੇ ਨਿਰਪੱਖ ਪ੍ਰੀਖਿਆ ਯਕੀਨੀ ਬਣਾਉਣ ਲਈ ਡੀਐਸਪੀ ਨੇ ਖੁਦ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਕੀਤਾ ਅਤੇ ਪ੍ਰੀਖਿਆ ਦੀ ਕਾਰਵਾਈ ਸ਼ਾਂਤੀਪੂਰਵਕ ਢੰਗ ਨਾਲ ਸੰਪੰਨ ਹੋਣ ਦੀ ਪੁਸ਼ਟੀ ਕੀਤੀ।