ਵਿਗਿਆਨ ਅਤੇ ਤਕਨਾਲੋਜੀ ਦੇਸ਼ ਦੀ ਤਰੱਕੀ ਲਈ ਬਹੁਤ ਜ਼ਰੂਰੀ : ਭੁੱਲਰ
ਸਰਕਾਰੀ ਆਈਟੀਆਈ ਫਾਜ਼ਿਲਕਾ ਵਿੱਚ ਰਾਸ਼ਟਰੀ ਤਕਨੀਕ ਦਿਵਸ ਉਤਸ਼ਾਹ ਨਾਲ ਮਨਾਇਆ
Publish Date: Fri, 15 May 2026 05:57 PM (IST)
Updated Date: Fri, 15 May 2026 06:00 PM (IST)

ਫਾਜ਼ਿਲਕਾ : ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈਟੀਆਈ) ਫਾਜ਼ਿਲਕਾ ਵਿਖੇ ਰਾਸ਼ਟਰੀ ਤਕਨੀਕ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਮੇਰਾ ਯੁਵਾ ਭਾਰਤ ਵਿਭਾਗ ਵੱਲੋਂ ਆਈਟੀਆਈ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਮੋਹਿਤ ਕੁਮਾਰ ਸੈਣੀ ਡਿਪਟੀ ਡਾਇਰੈਕਟਰ ਤੇ ਮਨਜੀਤ ਸਿੰਘ ਭੁੱਲਰ ਲੇਖਾ ਤੇ ਪ੍ਰੋਗਰਾਮ ਸੁਪਰਵਾਈਜ਼ਰ ਅਫ਼ਸਰ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸੰਸਥਾ ਦੇ ਪ੍ਰਿੰਸੀਪਲ ਸੰਜੀਵ ਕਟਰਾਇਆ ਸਨ। ਐਨਸੀਸੀ ਕੇਅਰ ਟੇਕਰ ਸਰਦਾਰ ਜਸਵਿੰਦਰ ਸਿੰਘ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਮਹਿਮਾਨਾਂ ਅਤੇ ਸਿਖਿਆਰਥੀਆਂ ਦਾ ਸਵਾਗਤ ਕੀਤਾ ਅਤੇ ਰਾਸ਼ਟਰੀ ਤਕਨੀਕ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਮਨਜੀਤ ਸਿੰਘ ਭੁੱਲਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ 11 ਮਈ 1998 ਨੂੰ ਭਾਰਤ ਨੇ ਰਾਜਸਥਾਨ ਵਿੱਚ ਸਫਲ ਪਰਮਾਣੂ ਪਰੀਖਣ ਕਰਕੇ ਦੁਨੀਆ ਅੱਗੇ ਆਪਣੀ ਤਕਨੀਕੀ ਸਮਰੱਥਾ ਦਾ ਪ੍ਰਮਾਣ ਦਿੱਤਾ ਸੀ। ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਦੇਸ਼ ਦੀ ਤਰੱਕੀ ਲਈ ਬਹੁਤ ਜ਼ਰੂਰੀ ਹਨ ਅਤੇ ਨੌਜਵਾਨਾਂ ਨੂੰ ਨਵੀਆਂ ਖੋਜਾਂ ਅਤੇ ਤਕਨੀਕੀ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਜਸਵਿੰਦਰ ਸਿੰਘ ਨੇ ਕਿਹਾ ਕਿ ਤਕਨਾਲੋਜੀ ਨੇ ਸਿੱਖਿਆ, ਸਿਹਤ, ਖੇਤੀਬਾੜੀ ਅਤੇ ਸੰਚਾਰ ਦੇ ਖੇਤਰਾਂ ਵਿੱਚ ਵੱਡੇ ਬਦਲਾਅ ਲਿਆਂਦੇ ਹਨ। ਉਨ੍ਹਾਂ ਕਿਹਾ ਕਿ ਨਵੀਆਂ ਤਕਨੀਕਾਂ ਸਮੇਂ ਅਤੇ ਮਿਹਨਤ ਦੀ ਬਚਤ ਕਰਨ ਦੇ ਨਾਲ ਨੌਜਵਾਨਾਂ ਨੂੰ ਵਿਗਿਆਨਕ ਸੋਚ ਅਪਣਾਉਣ ਲਈ ਪ੍ਰੇਰਿਤ ਕਰਦੀਆਂ ਹਨ।ਪ੍ਰੋਗਰਾਮ ਦੌਰਾਨ ਵੱਖ-ਵੱਖ ਟਰੇਡਾਂ ਦੇ ਸਿਖਿਆਰਥੀਆਂ ਵੱਲੋਂ ਤਕਨੀਕੀ ਮਾਡਲ ਅਤੇ ਪ੍ਰੋਜੈਕਟ ਪੇਸ਼ ਕੀਤੇ ਗਏ। ਮਾਡਲ ਪ੍ਰਦਰਸ਼ਨੀ ਵਿੱਚ ਵੇਲਡਰ ਟਰੇਡ ਨੇ ਪਹਿਲਾ, ਫਿਟਰ ਟਰੇਡ ਨੇ ਦੂਜਾ ਅਤੇ ਕਟਾਈ-ਸਿਲਾਈ ਟਰੇਡ ਨੇ ਤੀਜਾ ਸਥਾਨ ਹਾਸਲ ਕੀਤਾ। ਬਹਾਲ ਸਿੰਘ ਫਿਟਰ ਇੰਸਟਰਕਟਰ ਵੱਲੋਂ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ। ਜੇਤੂ ਸਿਖਿਆਰਥੀਆਂ ਨੂੰ ਮੈਡਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਅੰਤ ਵਿੱਚ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਨੂੰ ਵੀ ਸਨਮਾਨਿਤ ਕਰਦਿਆਂ ਧੰਨਵਾਦ ਕੀਤਾ ਗਿਆ। ਇਸ ਮੌਕੇ ਮੇਰਾ ਯੁਵਾ ਭਾਰਤ ਤੋਂ ਤਰਣਜੀਤ ਸਿੰਘ ਅਤੇ ਸੰਸਥਾ ਦੇ ਸਟਾਫ ਨੇ ਪ੍ਰੋਗਰਾਮ ਦੀ ਸਫਲਤਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।