ਕੌਮੀ ਲੋਕ ਅਦਾਲਤ 14 ਮਾਰਚ ਨੂੰ
ਜ਼ਿਲ੍ਹਾ ਕਚਹਿਰੀਆਂ, ਫਿਰੋਜ਼ਪੁਰ ਅਤੇ ਸਬ ਤਹਿਸੀਲਾਂ ਜ਼ੀਰਾ, ਗੁਰੂਹਰਸਹਾਏ ਵਿਚ 14 ਮਾਰਚ, 2026 ਨੂੰ ਲੱਗੇਗੀ ਕੌਮੀ ਲੋਕ ਅਦਾਲਤ
Publish Date: Fri, 27 Feb 2026 03:35 PM (IST)
Updated Date: Fri, 27 Feb 2026 03:37 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਮਾਨਯੋਗ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸਏਐੱਸ ਨਗਰ (ਮੋਹਾਲੀ) ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਕਚਹਿਰੀਆਂ, ਫਿਰੋਜ਼ਪੁਰ ਦੇ ਨਾਲ-ਨਾਲ ਸਬ-ਤਹਿਸੀਲਾਂ ਜ਼ੀਰਾ ਅਤੇ ਗੁਰੂਹਰਸਹਾਏ ਵਿਚ ਮਿਤੀ 14 ਮਾਰਚ 2026 ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜੱਜ ਸਾਹਿਬ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਦੀ ਵੱਧ ਤੋਂ ਵੱਧ ਸਫਲਤਾ ਲਈ ਪ੍ਰੀ ਲੋਕ ਅਦਾਲਤ ਲਗਾਈ ਜਾ ਰਹੀ ਹੈ ਤਾਂ ਜੋ ਕੌਮੀ ਲੋਕ ਅਦਾਲਤ ਵਿਚ ਰੱਖੇ ਗਏ ਕੇਸ ਨੂੰ ਅਲੱਗ-ਅਲੱਗ ਤਾਰੀਕਾਂ ਤੇ ਸੁਣ ਕੇ ਨਿਪਟਾਰਾ ਕੀਤਾ ਜਾ ਸਕੇ। ਜੱਜ ਸਾਹਿਬ ਵੱਲੋਂ ਦੱਸਿਆ ਗਿਆ ਕਿ ਇਸ ਲੋਕ ਅਦਾਲਤ ਵਿਚ ਸਿਵਲ ਕੇਸ, ਸਿਵਲ ਐਗੀਕਿਊਸ਼ਨ, ਪਰਿਵਾਰਿਕ ਝਗੜੇ, ਬੈਂਕ ਰਿਕਵਰੀ ਕੇਸ, ਅਰਧ ਸਿਵਲ ਕੇਸ ਅਤੇ ਫੁੱਟਕਲ ਸਿਵਲ ਮਾਮਲੇ ਆਦਿ ਦਾ ਨਿਪਟਾਰਾ ਕੀਤਾ ਜਾਣਾ ਹੈ। ਇਸ ਦੇ ਨਾਲ ਹੀ ਸੰਗੀਨ ਫੌਜ਼ਦਾਰੀ ਕੇਸਾਂ ਨੂੰ ਛੱਡ ਕੇ, ਜਿਵੇਂ ਕਿ ਹਰ ਕਿਸਮ ਦੇ ਦੀਵਾਨੀ ਕੇਸ, ਪਰਿਵਾਰਿਕ ਝਗੜੇ, ਰੈਵਿਨਿਉ ਕੇਸ, ਚੈੱਕ ਬਾਊਂਸ, ਕਰਿਮਨਲ ਐਗਜਕਿਊਸ਼ਨ ਅਤੇ ਟਰੈਫਿਕ ਚਲਾਨ ਆਦਿ ਕੇਸਾਂ ਦੀ ਇਸ ਲੋਕ ਅਦਾਲਤ ਵਿੱਚ ਸੁਣਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੈਂਕ ਲੋਨ ਕੇਸ, ਇਨਸ਼ਿਉਰੈਸ ਰਿਕਵਰੀ ਕੇਸਾਂ ਦੀ ਵੀ ਸੁਣਵਾਈ ਹੋਵੇਗੀ। ਲੋਕ ਅਦਾਲਤਾਂ ਵਿਚ ਫੈਸਲਾ ਹੋਏ ਕੇਸਾਂ ਦੀ ਕੋਈ ਅਪੀਲ ਦਲੀਲ ਨਹੀਂ ਹੁੰਦੀ ਹੈ ਲੋਕ ਅਦਾਲਤ ਵਿਚ ਹੋਏ ਫੈਸਲੇ ਨੂੰ ਡਿਕਰੀ ਦੀ ਮਾਨਤਾ ਪ੍ਰਾਪਤ ਹੈ, ਇਸਦੇ ਫੈਸਲੇ ਤਸੱਲੀਬਖਸ਼ ਹੁੰਦੇ ਹਨ ਅਤੇ ਧਿਰਾਂ ਨੂੰ ਮੁੱਕਦਮੇ ਬਾਜੀ ਤੋਂ ਮੁਕਤੀ ਮਿਲਦੀ ਹੈ। ਆਮ ਜਨਤਾ ਨੂੰ ਅਪੀਲ ਕੀਤੀ ਕਿ ਆਪਣੇ ਕੇਸ ਇਸ ਕੌਮੀ ਲੋਕ ਅਦਾਲਤ ਵਿਚ ਲਗਵਾਓ ਅਤੇ ਆਪਣਾ ਸਮਾਂ ਅਤੇ ਧਨ ਬਚਾਓ, ਇਸ ਦੇ ਨਾਲ ਹੀ ਜੱਜ ਸਾਹਿਬ ਨੇ ਕਿਹਾ ਕਿ ਝਗੜੇ ਮੁਕਾਓ ਪਿਆਰ ਵਧਾਓ ਲੋਕ ਅਦਾਲਤਾਂ ਰਾਹੀਂ ਛੇਤੀ ਅਤੇ ਸਸਤਾ ਨਿਆਂ ਪਾਓ।