ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ
ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਵਿਸ਼ੇਸ਼ ‘ਸਫਾਈ ਪੰਦਰਵਾੜੇ’ ਦੀ ਸ਼ੁਰੂਆਤ
Publish Date: Tue, 20 Jan 2026 06:08 PM (IST)
Updated Date: Tue, 20 Jan 2026 06:09 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ: ਸਥਾਨਕ ਸਰਕਾਰਾਂ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬੰਬਾਹ ਦੀ ਅਗਵਾਈ ਹੇਠ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਇਕ ਵਿਸ਼ੇਸ਼ ‘ਸਫਾਈ ਪੰਦਰਵਾੜੇ’ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸਪੈਸ਼ਲ ਡਰਾਈਵ 19 ਜਨਵਰੀ ਤੋਂ 9 ਫਰਵਰੀ ਤੱਕ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਚਲਾਈ ਜਾਵੇਗੀ। ਨਗਰ ਕੌਂਸਲ ਦੀ ਕਾਰਜ ਸਾਧਕ ਅਫਸਰ ਪੂਨਮ ਭਟਨਾਗਰ ਅਤੇ ਸੁਪਰਡੈਂਟ (ਸੈਨੀਟੇਸ਼ਨ) ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸ਼ਹਿਰ ਵਾਸੀਆਂ ਨੂੰ 5 ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਲਾਕੇ ਵਿੱਚੋਂ ਮਿੱਟੀ, ਗਾਰਬੇਜ਼ ਅਤੇ ਮਲਬਾ ਚੁੱਕ ਕੇ ਜੀਵੀਪੀ ਪੁਆਇੰਟਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ। ਸੀਵਰੇਜ ਜਾਂ ਬਰਸਾਤੀ ਨਾਲਿਆਂ ਦੀ ਬਲਾਕੇਜ ਨੂੰ ਤੁਰੰਤ ਖੋਲ੍ਹਿਆ ਜਾਵੇਗਾ, ਬੰਦ ਪਈਆਂ ਸਟਰੀਟ ਲਾਈਟਾਂ ਦੀ ਸ਼ਿਕਾਇਤ ਦਾ ਮੌਕੇ ’ਤੇ ਨਿਪਟਾਰਾ ਹੋਵੇਗਾ, ਸੜਕਾਂ ’ਤੇ ਦੁਕਾਨਦਾਰਾਂ ਵੱਲੋਂ ਰੱਖੇ ਨਜਾਇਜ਼ ਸਾਮਾਨ ਅਤੇ ਇਨਕਰੋਚਮੈਂਟ ਨੂੰ ਹਟਾਇਆ ਜਾਵੇਗਾ।ਸ਼ਹਿਰ ਦੀ ਦਿੱਖ ਵਿਗਾੜਨ ਵਾਲੇ ਨਜਾਇਜ਼ ਹੋਰਡਿੰਗ ਬੋਰਡ ਅਤੇ ਫਲੈਕਸ ਬੈਨਰ ਤੁਰੰਤ ਉਤਾਰੇ ਜਾਣਗੇ। ਦਿੱਲੀ ਗੇਟ ਤੋਂ ਜ਼ੀਰਾ ਗੇਟ ਤੱਕ ਸਫਾਈ ਕੀਤੀ ਹੈ। ਮੁਹਿੰਮ ਦੇ ਪਹਿਲੇ ਦਿਨ ਦਿੱਲੀ ਗੇਟ ਤੋਂ ਜ਼ੀਰਾ ਗੇਟ ਤੱਕ ਦੋਵਾਂ ਪਾਸਿਆਂ ਦੀ ਵਿਸ਼ੇਸ਼ ਸਫਾਈ ਕੀਤੀ ਗਈ। ਇਸ ਦੌਰਾਨ ਸੜਕਾਂ ਤੋਂ ਕਚਰਾ ਅਤੇ ਫਾਲਤੂ ਘਾਹ-ਬੂਟੀ ਹਟਾਈ ਗਈ। ਸੋਲਿਡ ਵੇਸਟ ਮੈਨੇਜਮੈਂਟ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਤੇ ਗੰਦਗੀ ਫੈਲਾਉਣ ਵਾਲੇ 10 ਲੋਕਾਂ ਦੇ ਚਲਾਨ ਵੀ ਕੱਟੇ ਗਏ। ਦੁਕਾਨਦਾਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਕਿ ਉਹ ਆਪਣਾ ਕੂੜਾ ਨਗਰ ਕੌਂਸਲ ਦੇ ਗਾਰਬੇਜ਼ ਟਿੱਪਰਾਂ ਵਿੱਚ ਹੀ ਪਾਉਣ। ਇਸ ਮੌਕੇ ਕਾਰਜ ਸਾਧਕ ਅਫਸਰ ਪੂਨਮ ਭਟਨਾਗਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਫਿਰੋਜ਼ਪੁਰ ਨੂੰ ਨੰਬਰ-1 ਬਣਾਉਣ ਲਈ ਨਗਰ ਕੌਂਸਲ ਦਾ ਸਹਿਯੋਗ ਕਰਨ। ਇਸ ਡਰਾਈਵ ਦੌਰਾਨ ਸੈਨਟਰੀ ਇੰਸਪੈਕਟਰ ਰੁਸਤਮ ਸ਼ੇਰ ਸਿੰਘ ਸੋਢੀ, ਪ੍ਰੋਗਰਾਮ ਕੋਆਰਡੀਨੇਟਰ ਗੁਰਦੇਵ ਸਿੰਘ, ਸਿਮਰਨਜੀਤ ਸਿੰਘ, ਸੁਮਨ ਰਾਈ, ਸਫਾਈ ਮੇਟ ਅਮਰ ਭੱਟੀ, ਰਾਜੇਸ਼ ਕੁਮਾਰ ਅਤੇ ਹੋਰ ਕਰਮਚਾਰੀ ਮੌਜ਼ੂਦ ਸਨ।